ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਆਮ ਆਦਮੀ ਪਾਰਟੀ ਲਈ ਸਖ਼ਤ ਪ੍ਰੀਖਿਆ

Sunday, Jan 01, 2023 - 02:16 PM (IST)

ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਆਮ ਆਦਮੀ ਪਾਰਟੀ ਲਈ ਸਖ਼ਤ ਪ੍ਰੀਖਿਆ

ਜਲੰਧਰ (ਖੁਰਾਣਾ)- ਜਲੰਧਰ ਨਗਰ ਨਿਗਮ ਦਾ ਕਾਰਜਕਾਲ ਖ਼ਤਮ ਹੋਣ ਵਿਚ ਭਾਵੇਂ ਕੁਝ ਹੀ ਹਫ਼ਤੇ ਬਾਕੀ ਬਚੇ ਹਨ ਪਰ ਵਾਰਡਬੰਦੀ ਦੀ ਮੱਠੀ ਪ੍ਰਕਿਰਿਆ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਅਜੇ ਆਉਣ ਵਾਲੇ ਕੁਝ ਮਹੀਨਿਆਂ ਵਿਚ ਹੀ ਨਗਰ ਨਿਗਮ ਚੋਣਾਂ ਹੋ ਪਾਉਣਗੀਆਂ।
ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਚੁੱਕੀ ਆਮ ਆਦਮੀ ਪਾਰਟੀ ਲਈ ਇਹ ਨਗਰ ਨਿਗਮ ਚੋਣਾਂ ਸਖ਼ਤ ਪ੍ਰੀਖਿਆ ਸਾਬਿਤ ਹੋਣ ਜਾ ਰਹੀਆਂ ਹਨ। ਜਲੰਧਰ ਦੀ ਗੱਲ ਕਰੀਏ ਤਾਂ ਪਿਛਲੀਆਂ ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰ ਖੜ੍ਹੇ ਹੋਏ ਸਨ ਪਰ ਉਦੋਂ ਪਾਰਟੀ ਨੂੰ ਇਕ ਵੀ ਸੀਟ ’ਤੇ ਜਿੱਤ ਪ੍ਰਾਪਤ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ :  ਜਲੰਧਰ ਦੇ ਜਿਮਖਾਨਾ ਕਲੱਬ ’ਚ ਮਨਾਇਆ ਗਿਆ ਨਵੇਂ ਸਾਲ ਦਾ 'ਜਸ਼ਨ', ਵੇਖੋ ਤਸਵੀਰਾਂ

ਉਸ ਦੇ ਬਾਅਦ ਵੀ ਆਮ ਆਦਮੀ ਪਾਰਟੀ ਨੇ ਸ਼ਹਿਰ ਵਿਚ ਆਪਣਾ ਆਧਾਰ ਵਧਾਉਣ ਲਈ ਕੋਈ ਯਤਨ ਨਹੀਂ ਕੀਤਾ। ਡਾ. ਸੰਜੀਵ ਸ਼ਰਮਾ, ਡਾ. ਮਾਲੀ ਅਤੇ ਕਈ ਹੋਰ ਪੁਰਾਣੇ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਜਲੰਧਰ ਅਤੇ ਨੇੜਲੇ ਇਲਾਕਿਆਂ ਵਿਚ ਜਨ-ਆਧਾਰ ਵਧਾਉਣ ਲਈ ਦਿਨ-ਰਾਤ ਮਿਹਨਤ ਕੀਤੀ ਪਰ ਅਜਿਹੇ ਸਾਰੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਹੈ ਅਤੇ ਇਸ ਸਮੇਂ ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਗੂ ਹਨ, ਉਹ ਵਧੇਰੇ ਦੂਜੀਆਂ ਪਾਰਟੀਆਂ ਤੋਂ ਇੰਪੋਰਟ ਹੋ ਕੇ ਆਏ ਹਨ।
ਵਿਧਾਇਕ ਬਣੇ ਸ਼ੀਤਲ ਅੰਗੁਰਾਲ ਕੁਝ ਸਮਾਂ ਪਹਿਲਾਂ ਭਾਜਪਾ ਵਿਚ ਸਨ ਅਤੇ ਦੂਜੇ ਵਿਧਾਇਕ ਰਮਨ ਅਰੋੜਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸੀਆਂ ਦੇ ਖਾਸਮ-ਖਾਸ ਹੁੰਦੇ ਸਨ, ਹਾਲਾਂਕਿ ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਨ੍ਹਾਂ ਚੋਣਾਂ ਦੌਰਾਨ ਸਰਕਾਰ ਅਤੇ ਸੰਗਠਨ ਦੇ ਪ੍ਰਤੀਨਿਧੀਆਂ ਵਿਚਕਾਰ ਤਾਲਮੇਲ ਨਾ ਬਣਿਆ ਤਾਂ ਸੰਗਰੂਰ ਦੀ ਜ਼ਿਮਨੀ ਚੋਣ ਵਰਗੇ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਲਾਮਿਸਾਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਾਰਟੀ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਤਕੜਾ ਝਟਕਾ ਲੱਗਾ ਸੀ ਅਤੇ ਲੋਕਾਂ ਨੇ ਪਾਰਟੀ ਦੇ ਉਮੀਦਵਾਰ ਨੂੰ ਨਕਾਰ ਦਿੱਤਾ ਸੀ। ਜਲੰਧਰ ਨਿਗਮ ਚੋਣਾਂ ਵਿਚ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਬਿਲਕੁਲ ਨਵੇਂ ਹੋਣਗੇ, ਇਸ ਲਈ ਉਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਆਉਣ ਲਈ ਹੋਰ ਵੀ ਮਿਹਨਤ ਕਰਨੀ ਪਵੇਗੀ।

ਇਹ ਵੀ ਪੜ੍ਹੋ :  ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੀ, ਨਿਵੇਸ਼ ਦੇ ਅਨੁਕੂਲ ਨਹੀਂ ਸੂਬੇ ਦਾ ਮਾਹੌਲ: ਸੋਮ ਪ੍ਰਕਾਸ਼

ਭਾਵੇਂ ਕਾਂਗਰਸ ਪਾਰਟੀ ਠੁੱਸ ਪਰ ਅਜੇ ਵੀ ਕਈ ਕਾਂਗਰਸੀ ਕੌਂਸਲਰ ਲੋਕਪ੍ਰਿਯ
ਪਿਛਲੀ ਵਾਰ ਨਿਗਮ ਵਿਚ ਜ਼ਬਰਦਸਤ ਢੰਗ ਨਾਲ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਭਾਵੇਂ ਪੰਜਾਬ ਤੋਂ ਬਾਅਦ ਜਲੰਧਰ ਵਿਚ ਵੀ ਪੂਰੀ ਤਰ੍ਹਾਂ ਠੁੱਸ ਹੋ ਚੁੱਕੀ ਹੈ ਪਰ ਫਿਰ ਵੀ ਕਈ ਕਾਂਗਰਸੀ ਕੌਂਸਲਰ ਅਜਿਹੇ ਹਨ, ਜਿਹੜੇ ਲੋਕਾਂ ਦੇ ਵਿਚਕਾਰ ਕਾਫੀ ਲੋਕਪ੍ਰਿਯ ਹਨ ਅਤੇ ਆਗਾਮੀ ਨਿਗਮ ਚੋਣਾਂ ਵਿਚ ਫਿਰ ਉਮੀਦਵਾਰ ਬਣਨ ਜਾ ਰਹੇ ਹਨ। ਅਜਿਹੇ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣਾ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ। ਖਾਸ ਗੱਲ ਇਹ ਵੀ ਹੈ ਕਿ ਕਈ ਕਾਂਗਰਸੀ ਕੌਂਸਲਰ ਪਿਛਲੀਆਂ ਕਈ-ਕਈ ਚੋਣਾਂ ਜਿੱਤ ਚੁੱਕੇ ਹਨ ਅਤੇ ਆਪਣੇ ਵਾਰਡ ਦੇ ਘਰ-ਘਰ ਤੋਂ ਜਾਣੂ ਹਨ।

ਅਜਿਹੇ ਵਿਚ ਉਨ੍ਹਾਂ ਦੇ ਮੁਕਾਬਲੇ ਵਿਚ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਧੇਰੇ ਮਿਹਨਤ ਕਰਨੀ ਹੋਵੇਗੀ ਅਤੇ ਇਕ-ਇਕ ਘਰ ਵਿਚ ਜਾ ਕੇ ਆਪਣੇ ਬਾਰੇ ਦੱਸਣਾ ਹੋਵੇਗਾ। ਮੰਨਿਆ ਜਾਂਦਾ ਹੈ ਕਿ ਨਿਗਮ ਚੋਣਾਂ ਵਿਚ ਪਾਰਟੀ ਦੀ ਬਜਾਏ ਨਿੱਜੀ ਅਕਸ ਜ਼ਿਆਦਾ ਦੇਖਿਆ ਜਾਂਦਾ ਹੈ ਅਤੇ ਇਸ ਲਈ ਇਸਦਾ ਸਿੱਧਾ ਲਾਭ ਕਾਂਗਰਸੀ ਕੌਂਸਲਰਾਂ ਨੂੰ ਹੋ ਸਕਦਾ ਹੈ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਵਾਰਡਾਂ ਵਿਚ ਸਰਗਰਮ ਹਨ।

ਇਹ ਵੀ ਪੜ੍ਹੋ :  ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ

ਨਿਗਮ ਚੋਣਾਂ ਵਿਚ ਗੜਬੜੀ ਅਤੇ ਟਕਰਾਅ ਵੀ ਸੰਭਾਵਿਤ
ਅਜੇ ਨਿਗਮ ਚੋਣਾਂ ਨੂੰ ਲੈ ਕੇ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਇਸ ਲਈ ਪਹਿਲੀ ਮੀਟਿੰਗ ਚੰਡੀਗੜ੍ਹ ਵਿਚ ਬੀਤੇ ਦਿਨੀਂ ਹੋਈ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਂਗਰਸੀ ਵਿਧਾਇਕਾਂ ਉੱਪਰ ਹਾਵੀ ਹੋਣ ਦਾ ਹਰ ਸੰਭਵ ਯਤਨ ਕੀਤਾ। ‘ਆਪ’ ਆਗੂ ਇਸ ਵਿਚ ਸਫਲ ਵੀ ਰਹੇ, ਜਿਸ ਤਰ੍ਹਾਂ ਜਲੰਧਰ ਦੇ ‘ਆਪ’ ਆਗੂ ਵਾਰਡਬੰਦੀ ਵਿਚ ਦਖਲਅੰਦਾਜ਼ੀ ਕਰਨ ਲੱਗ ਗਏ ਹਨ, ਉਸ ਤੋਂ ਲੱਗ ਰਿਹਾ ਹੈ ਕਿ ਵਾਰਡਬੰਦੀ ਦੇ ਨਾਲ-ਨਾਲ ਨਿਗਮ ਚੋਣਾਂ ਵਿਚ ਵੀ ਟਕਰਾਅ ਅਤੇ ਗੜਬੜੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਇਸ ਲਈ ਇਸ ਮਾਮਲੇ ਵਿਚ ‘ਆਪ’ ਦਾ ਹੱਥ ਉਪਰ ਰਹੇਗਾ।

ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News