ਦਸੰਬਰ ''ਚ ਹੋ ਸਕਦੀਆਂ ਹਨ ਨਿਗਮ ਚੋਣਾਂ, ਨਵੰਬਰ ਤੱਕ ਵਾਰਡਬੰਦੀ ਪੂਰੀ ਹੋਵੇਗੀ
Friday, Sep 01, 2017 - 07:00 AM (IST)

ਜਲੰਧਰ (ਧਵਨ) - ਪੰਜਾਬ ਵਿਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਨਿਗਮ ਚੋਣਾਂ ਦਸੰਬਰ ਵਿਚ ਕਰਵਾਏ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਨਵੇਂ ਸਿਰੇ ਤੋਂ ਕਰਵਾਈ ਜਾ ਰਹੀ ਵਾਰਡਬੰਦੀ ਦੀ ਪ੍ਰਕਿਰਿਆ ਨਵੰਬਰ ਤੱਕ ਹੀ ਪੂਰੀ ਹੋ ਸਕੇਗੀ, ਇਸ ਲਈ ਨਵੰਬਰ ਤੋਂ ਪਹਿਲਾਂ ਨਿਗਮ ਚੋਣਾਂ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਗਮ ਚੋਣਾਂ ਨੂੰ ਲੈ ਕੇ ਬਿਗੁਲ ਅੰਮ੍ਰਿਤਸਰ ਦੌਰੇ ਦੌਰਾਨ ਵਜਾ ਦਿੱਤਾ ਸੀ। ਉਨ੍ਹਾਂ ਅੰਮ੍ਰਿਤਸਰ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਸਨ। ਵੈਸੇ ਵੀ ਨਿਗਮ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਆ ਰਹੀ ਹੈ। ਇਹ ਉਪ ਚੋਣ ਕੇਂਦਰੀ ਚੋਣ ਕਮਿਸ਼ਨ ਵਲੋਂ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਕਰਵਾਈ ਜਾ ਸਕਦੀ ਹੈ, ਇਸ ਲਈ ਵੀ ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਗਮ ਚੋਣਾਂ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਤੋਂ ਬਾਅਦ ਕਰਵਾਈਆਂ ਜਾਣ ਤਾਂ ਜੋ ਗੁਰਦਾਸਪੁਰ ਤੋਂ ਕਾਂਗਰਸ ਪੂਰੀ ਤਰ੍ਹਾਂ ਫ੍ਰੀ ਹੋ ਕੇ ਨਿਗਮ ਚੋਣਾਂ ਵਿਚ ਨਿੱਤਰ ਸਕੇ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਭਾਵੇਂ ਅਗਲੇ ਕੁਝ ਮਹੀਨਿਆਂ ਵਿਚ ਚਾਰਾਂ ਸ਼ਹਿਰਾਂ ਵਿਚ ਭਾਜਪਾ ਤੇ ਅਕਾਲੀ ਦਲ ਦੇ ਮੇਅਰਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਪਰ ਉਨ੍ਹਾਂ ਦੀ ਥਾਂ 'ਤੇ ਸਰਕਾਰ ਵਲੋਂ ਮੇਅਰਾਂ ਦੀਆਂ ਸ਼ਕਤੀਆਂ ਵੀ ਪ੍ਰਸ਼ਾਸਕਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਸ਼ਹਿਰਾਂ ਵਿਚ ਕੰਮਕਾਜ ਕਮਿਸ਼ਨਰਾਂ ਦੀ ਦੇਖ-ਰੇਖ ਵਿਚ ਚੱਲੇਗਾ। ਸਰਕਾਰ ਵਲੋਂ ਇਨ੍ਹਾਂ ਸ਼ਹਿਰਾਂ ਵਿਚ ਅਗਲੇ ਸਮੇਂ ਵਿਚ ਡਿਵੈੱਲਪਮੈਂਟ ਦੇ ਕਾਰਜਾਂ ਨੂੰ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜੋ ਕਿ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਚੱਲਣਗੇ। ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਕਮਿਸ਼ਨਰਾਂ ਦੇ ਕੋਲ ਚਾਰਜ ਆਉਣ ਤੋਂ ਬਾਅਦ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ ਤੇ ਜਨਤਾ 'ਤੇ ਇਸਦਾ ਪ੍ਰਭਾਵ ਪਾਇਆ ਜਾਵੇ। ਇਸ ਨਾਲ ਕਾਂਗਰਸ ਇਹ ਵੀ ਕਹਿ ਸਕੇਗੀ ਕਿ ਜਦੋਂ ਤੱਕ ਕਾਰਪੋਰੇਸ਼ਨ ਦੀ ਵਾਗਡੋਰ ਭਾਜਪਾ ਤੇ ਅਕਾਲੀ ਮੇਅਰਾਂ ਕੋਲ ਰਹੀ ਤਾਂ ਵਿਕਾਸ ਕਾਰਜ ਠੱਪ ਰਹੇ।
ਕਾਂਗਰਸ ਚੋਣਾਂ ਲਈ ਤਿਆਰ : ਜਾਖੜ
ਓਧਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਕਿਸੇ ਵੀ ਸਮੇਂ ਨਿਗਮ ਚੋਣਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਤੇ ਸਰਕਾਰ ਨੇ ਸ਼ਹਿਰਾਂ ਵਿਚ ਵਿਕਾਸ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਕਰ ਦਿੱਤੀ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਦੇ ਤਹਿਤ ਚਾਰੇ ਨਿਗਮ ਸ਼ਹਿਰਾਂ ਵਿਚ ਵਾਰਡਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ ਨਿਗਮ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਲਈ ਚੋਣ ਲੜਨ ਲਈ ਕਈ ਆਪਸ਼ਨ ਹੋਣਗੇ।