ਕੋਰੋਨਾ ਵਾਇਰਸ: ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਇਸ ਪਿੰਡ ਦੀ ਪੰਚਾਇਤ
Thursday, Apr 16, 2020 - 11:47 AM (IST)
ਰੂਪਨਗਰ (ਸੱਜਣ ਸੈਣੀ)— ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਵਾਇਰਸ ਦੀ ਨਾਮੁਰਾਦ ਬੀਮਾਰੀ ਖਿਲਾਫ ਜੰਗ ਲੜ ਰਹੇ ਡਾਕਟਰ ਅਤੇ ਸਹਾਇਕ ਸਟਾਫ ਦੀ ਸੁਰੱਖਿਆ ਦੀ ਚਿੰਤਾ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਪਿੰਡ ਘਨੌਲੀ ਦੀ ਗ੍ਰਾਮ ਪੰਚਾਇਤ ਵੱਲੋਂ ਸਹਿਯੋਗੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਰੂਪਨਗਰ ਸਿਵਲ ਹਸਪਤਾਲ ਨੂੰ ਸੈਨੇਟਾਈਜ਼ਰ ਮਸ਼ੀਨ ਭੇਟ ਕੀਤੀ ਗਈ ਹੈ।
ਇਹ ਸੈਨੀਟਾਈਜ਼ਰ ਮਸ਼ੀਨ ਸਿਵਲ ਹਸਪਤਾਲ ਰੂਪਨਗਰ ਦੇ ਐਮਰਜੈਂਸੀ ਵਾਰਡ ਦੇ ਸਾਹਮਣੇ ਲਗਾਈ ਗਈ ਹੈ ਤਾਂਕਿ ਐਮਰਜੈਂਸੀ 'ਚ ਹਰ ਆਉਣ ਜਾਣ ਵਾਲੇ ਵਿਅਕਤੀ ਜਾਂ ਮਰੀਜ਼ ਨੂੰ ਸੈਨੇਟਾਈਜ਼ ਕਰਕੇ ਕੋਰੋਨਾ ਵਾਇਰਸ ਦੇ ਕਿਟਾਣੂਆਂ ਤੋਂ ਬਚਾਇਆ ਜਾ ਸਕੇ।
ਗ੍ਰਾਮ ਪੰਚਾਇਤ ਘਨੌਲੀ ਦੇ ਸੀਨੀਅਰ ਮੈਂਬਰ ਗੁਰਿੰਦਰ ਸਿੰਘ ਗੋਗੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੈਨੀਟਾਈਜ਼ਰ ਮਸ਼ੀਨ ਗ੍ਰਾਮ ਪੰਚਾਇਤ ਘਨੌਲੀ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਰੂਪਨਗਰ ਨੂੰ ਭੇਟ ਕੀਤੀ ਗਈ ਹੈ, ਜਿਸ ਦਾ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਤਾਇਨਾਤ ਡਾਕਟਰ ਵੱਲੋਂ ਵੀ ਗ੍ਰਾਮ ਪੰਚਾਇਤ ਦੇ ਇਸ ਸਮਾਜ ਸੇਵਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ । ਜ਼ਿਕਰਯੋਗ ਹੈ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਅਜਿਹੀਆਂ ਗ੍ਰਾਮ ਪੰਚਾਇਤਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਉਪਰਾਲੇ ਕਾਬਲੇ ਤਾਰੀਫ ਹਨ ਅਤੇ ਸਮਾਜ ਨੂੰ ਅਜਿਹੀਆਂ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ।