ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ

04/20/2020 8:20:05 PM

ਜਲੰਧਰ— ਦੇਸ਼ 'ਚ ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਹੀ ਕਈ ਰਾਜ ਚੌਕਸ ਚੱਲ ਰਹੇ ਸਨ। ਦੁਨੀਆਭਰ ਦੇ ਦੇਸ਼ਾਂ 'ਚ ਵੱਸਣ ਵਾਲੇ ਪੰਜਾਬੀਆਂ ਅਤੇ ਉਨ੍ਹਾਂ ਦੇ ਲਗਾਤਾਰ ਪੰਜਾਬ ਆਉਣ-ਜਾਣ ਕਾਰਨ ਪੰਜਾਬ ਸ਼ੁਰੂ ਤੋਂ ਹੀ ਵਾਇਰਸ ਨੂੰ ਲੈ ਕੇ ਖਤਰੇ 'ਚ ਸਮਝਿਆ ਜਾ ਰਿਹਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇਸ਼ ਦੇ ਉਨ੍ਹਾਂ ਚੁਨਿੰਦਾ ਰਾਜਾਂ 'ਚ ਸ਼ਾਮਲ ਹੈ, ਜਿੱਥੇ 22 ਮਾਰਚ ਦੇ 'ਜਨਤਾ ਕਰਫਿਊ' ਦੇ ਤੁਰੰਤ ਬਾਅਦ 'ਕਫਰਿਊ' ਲਗਾ ਦਿੱਤਾ ਗਿਆ ਅਤੇ ਉਹ ਲਗਾਤਾਰ ਜਾਰੀ ਹੈ।

ਕਰੀਬ 3 ਕਰੋੜ ਦੀ ਆਬਾਦੀ ਵਾਲੇ ਅੰਤਰਰਾਸ਼ਟਰੀ ਸਰਹੱਦ 'ਤੇ ਵਸੇ ਪੰਜਾਬ ਜਿਹੇ ਰਾਜ 'ਚ ਕਰਫਿਊ ਦਾ ਪਾਲਣ ਕਰਵਾਉਣਾ ਕੋਈ ਸਾਧਾਰਨ ਅਤੇ ਆਸਾਨ ਕੰਮ ਨਹੀਂ ਹੈ। ਇਸ ਦੇ ਨਾਲ ਹੀ ਉਸ ਦੁਸ਼ਮਣ ਨਾਲ ਲੜਨਾ, ਜੋ ਦਿਖਾਈ ਨਹੀਂ ਦਿੰਦਾ ਅਤੇ ਜਿਸ ਦੀ ਆਹਟ ਤੱਕ ਸੁਣਾਈ ਨਹੀਂ ਦਿੰਦੀ, ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇੰਝ ਹੀ ਕੰਮ ਨੂੰ ਅੰਜਾਮ ਦੇਣ 'ਚ ਲੱਗੀ ਹੋਈ ਹੈ, ਪੰਜਾਬ ਪੁਲਸ। ਇਸ ਕੰਮ ਨੂੰ ਨਿਭਾਉਣ 'ਚ ਕੀ-ਕੀ ਸਮੱਸਿਆਵਾਂ ਅਤੇ ਚੁਣੌਤੀਆਂ ਪੇਸ਼ ਆ ਰਹੀਆਂ ਹਨ, ਇਸ ਬਾਰੇ 'ਪੰਜਾਬ ਕੇਸਰੀ/ਜਗ ਬਾਣੀ' ਦੇ ਰਮਨਜੀਤ ਸਿੰਘ/ਗੁਰਪ੍ਰੀਤ ਸਿੰਘ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਬਰਨਾਲਾ ਵਾਸੀਆਂ ਲਈ ਚੰਗੀ ਖਬਰ, ਗ੍ਰੀਨ ਜ਼ੋਨ ''ਚ ਹੋ ਸਕਦਾ ਹੈ ਸ਼ਾਮਲ

ਅੱਤਵਾਦ ਨਾਲ ਲੜਨ ਵਾਲੀ ਪੰਜਾਬ ਪੁਲਸ ਲਈ ਇਹ ਚੁਣੌਤੀ ਕਿਹੋ ਜਿਹੀ ਹੈ?
ਪੰਜਾਬ ਪੁਲਸ ਲਈ ਇਹ ਇਕ ਬਿਲਕੁਲ ਵੱਖਰੀ ਕਿਸਮ ਦੀ ਚੁਣੌਤੀ ਹੈ। ਸਰਹੱਦੀ ਰਾਜ ਹੋਣ ਦੇ ਨਾਤੇ ਪੰਜਾਬ ਪੁਲਸ ਸ਼ੁਰੂ ਤੋਂ ਹੀ ਅੱਤਵਾਦ ਅਤੇ ਅਸਮਾਜਿਕ ਗਤੀਵਿਧੀਆਂ ਨਾਲ ਨਿਪਟਣ ਅਤੇ ਜੂਝਣ ਲਈ ਪੂਰੀ ਤਰ੍ਹਾਂ ਟ੍ਰੇਂਡ ਹੈ। ਉਸ ਦੇ ਉਲਟ ਇਹ ਬਿਲਕੁਲ ਨਵਾਂ ਮਾਹੌਲ ਹੈ, ਕਿਉਂਕਿ ਮੌਜੂਦਾ ਸਮੇਂ 'ਚ ਜਿਸ ਦੁਸ਼ਮਣ ਨਾਲ ਅਸੀਂ ਲੜ ਰਹੇ ਹਾਂ, ਉਹ ਦਿਖਾਈ ਹੀ ਨਹੀਂ ਦਿੰਦਾ। ਉਸ ਦੀ ਮੂਵਮੈਂਟ ਦਾ ਵੀ ਪਤਾ ਨਹੀਂ ਚੱਲਦਾ। ਇਹ ਪੰਜਾਬ ਪੁਲਸ ਦਾ ਨਵਾਂ ਚਿਹਰਾ ਹੈ, ਜਿਸ ਨੇ ਇਸ ਚੈਲੰਜ ਨੂੰ ਵੀ ਕਬੂਲਿਆ ਅਤੇ ਜੂਝਣ ਦਾ ਜਜ਼ਬਾ ਦਿਖਾਇਆ। ਪਿੰਡ ਪੱਧਰ 'ਤੇ ਤਾਇਨਾਤ ਮੁਲਾਜ਼ਮਾਂ ਨੇ ਸ਼ੁਰੂ ਤੋਂ ਹੀ ਅਵੇਅਰਨੈੱਸ ਕੰਪੇਨ ਚਲਾਈ ਹੈ। ਸਾਨੂੰ ਉਮੀਦ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਚੁਣੌਤੀ 'ਤੇ ਵੀ ਜਿੱਤ ਹਾਸਲ ਕਰਾਂਗੇ।

PunjabKesari

ਪੰਜਾਬ ਨੇ ਸਭ ਤੋਂ ਪਹਿਲਾਂ ਕਰਫਿਊ ਲਾਉਣ ਦਾ ਫੈਸਲਾ ਲਿਆ ਸੀ, ਕੀ ਕਾਰਨ ਸਨ?
ਪੰਜਾਬ ਦਾ ਇਕ ਹੋਰ ਵੀ ਚੈਲੰਜ ਸੀ, ਕਿਉਂਕਿ ਕਈ ਲੋਕ ਵਿਦੇਸ਼ਾਂ 'ਚ ਵੀ ਵੱਸਦੇ ਹਨ। ਜਨਵਰੀ ਤੋਂ ਬਾਅਦ ਕਈ ਅਜਿਹੇ ਹੀ ਲੋਕ ਵਿਦੇਸ਼ਾਂ ਤੋਂ ਆਏ ਅਤੇ ਕਈ ਅਜਿਹੇ ਵੀ ਸਨ, ਜੋ ਵਿਦੇਸ਼ਾਂ 'ਚ ਘੁੰਮਣ ਗਏ ਸਨ, ਉਹ ਵੀ ਪਰਤੇ। ਇਹ ਗਿਣਤੀ ਬਹੁਤ ਵੱਡੀ ਸੀ। ਇਹੀ ਕਾਰਨ ਸੀ ਕਿ ਪੰਜਾਬ 'ਚ ਸ਼ੁਰੂ ਤੋਂ ਹੀ ਕਰਫਿਊ ਲਾਉਣਾ ਪਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਦੁਰਦਰਸ਼ੀ ਫੈਸਲਾ ਸੀ, ਜਿਸ ਦਾ ਫਾਇਦਾ ਮਿਲਿਆ ਵੀ ਹੈ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ 'ਚ 20 ਦੀ ਸ਼ਾਮ ਨੂੰ 'ਬੋਲੇ ਸੋ ਨਿਹਾਲ' ਸਣੇ 'ਹਰ-ਹਰ ਮਹਾਦੇਵ' ਦੇ ਲੱਗਣਗੇ ਜੈਕਾਰੇ

ਪੁਲਸ ਨਾਕਿਆਂ 'ਤੇ ਡਿਊਟੀ ਦੇ ਰਹੀ ਹੈ, ਉਥੇ ਹੀ ਇਕ ਹੋਰ ਵੀ ਨਵੀਂ ਭੂਮਿਕਾ 'ਚ ਦਿਖਾਈ ਦੇ ਰਹੀ ਹੈ?
ਵਾਇਰਸ ਨਾਲ ਲੜਾਈ ਹੈ। ਸਿਹਤ ਕਰਮਚਾਰੀ ਉਨ੍ਹਾਂ ਲੋਕਾਂ ਦੀ ਜਾਨ ਬਚਾ ਰਹੇ ਹਨ, ਜਿਨ੍ਹਾਂ ਨੂੰ ਇਨਫੈਕਸ਼ਨ ਹੋ ਚੁੱਕਿਆ ਹੈ। ਪੰਜਾਬ ਪੁਲਸ 'ਤੇ ਦੋਹਰੀ ਜ਼ਿੰਮੇਵਾਰੀ ਹੈ। ਪੁਲਸ ਮੁਲਾਜ਼ਮਾਂ ਦਾ ਕੰਮ ਉਨ੍ਹਾਂ ਲੋਕਾਂ ਦੀ ਜਾਨ ਬਚਾ ਰਹੇ ਸਿਹਤ ਕਰਮਚਾਰੀਆਂ ਨੂੰ ਵੀ ਸੁਰੱਖਿਅਤ ਰੱਖਣਾ ਹੈ। ਇਹ ਵੀ ਯਕੀਨੀ ਕਰਨਾ ਹੈ ਕਿ ਨਵੇਂ ਲੋਕਾਂ ਨੂੰ ਇਨਫੈਕਸ਼ਨ ਨਾ ਹੋਵੇ। ਇਸ ਲਈ ਕਰੀਬ 42 ਹਜ਼ਾਰ ਮੁਲਾਜ਼ਮ ਰਾਜਭਰ 'ਚ ਤਾਇਨਾਤ ਕੀਤੇ ਗਏ ਹਨ। ਇਨ੍ਹਾਂ 'ਚ ਕਾਂਸਟੇਬਲ ਤੋਂ ਲੈ ਕੇ ਐੱਸ.ਐੱਸ.ਪੀ. ਅਤੇ ਆਈ.ਜੀ. ਪੱਧਰ ਦੇ ਸਾਰੇ ਅਧਿਕਾਰੀ ਸ਼ਾਮਲ ਹਨ। ਇਸ ਦੇ ਨਾਲ ਹੀ 8 ਹਜ਼ਾਰ ਵਾਲੰਟੀਅਰ ਵੀ ਹਨ, ਜੋ ਪੂਰੀ ਮਦਦ ਕਰ ਰਹੇ ਹਨ। ਕਰਫਿਊ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਘਰ-ਘਰ ਤੱਕ ਦਵਾਈਆਂ, ਖਾਣਾ ਅਤੇ ਰਾਸ਼ਨ ਪੰਹੁਚਾਉਣਾ ਵੀ ਇਕ ਬਹੁਤ ਵੱਡਾ ਚੈਲੰਜ ਸੀ। ਇਸ ਲਈ ਪੰਜਾਬ ਪੁਲਸ ਬਿਲਕੁਲ ਵੀ ਤਿਆਰ ਨਹੀਂ ਸੀ ਪਰ ਇਸ ਨੂੰ ਕਬੂਲ ਕੀਤਾ। ਐੱਸ.ਐੱਸ.ਪੀ. ਅਤੇ ਪੁਲਸ ਕਮਿਸ਼ਨਰ ਨੇ ਆਪਣੇ-ਆਪਣੇ ਖੇਤਰ 'ਚ ਖਾਧ ਪਦਾਰਥਾਂ ਦੀ ਸਪਲਾਈ ਲਈ ਵੱਖ ਵੱਖ ਤਰੀਕੇ ਅਪਣਾਏ। ਲੋਕਾਂ ਤੱਕ ਖਾਣ-ਪੀਣ ਦਾ ਸਾਮਾਨ ਹਰ ਹਾਲ 'ਚ ਪਹੁੰਚਾਇਆ। ਇਹ ਪੰਜਾਬ ਪੁਲਸ 'ਚ ਵੱਡੇ ਬਦਲਾਅ ਦਾ ਸਮਾਂ ਹੈ। ਇਸ 'ਚ ਮੁਲਾਜ਼ਮ ਲੋਕਾਂ ਨੂੰ ਖਾਣਾ ਅਤੇ ਦਵਾਈਆਂ ਪਹੁੰਚਾਉਂਦੇ ਜਾਂ ਫਿਰ ਆਉਣ-ਜਾਣ 'ਚ ਮਦਦ ਕਰਦੇ ਦਿਸ ਰਹੇ ਹਨ। ਇਸ ਲਈ ਕੋਈ ਹੁਕਮ ਨਹੀਂ ਦਿੱਤੇ ਗਏ ਹਨ, ਸਗੋਂ ਸਭ ਕੁਝ ਆਪਣੇ ਮਨੁੱਖੀ ਮੁੱਲਾਂ ਦੇ ਆਧਾਰ 'ਤੇ ਕਰ ਰਹੇ ਹਨ, ਜਿਸ ਦੀ ਹਰੇਕ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ 72 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ, ਸਟਾਫ ਨੂੰ ਅਸੀਸਾਂ ਦਿੰਦੀ ਪਰਤੀ ਘਰ

ਪੁਲਸ ਮੁਲਾਜ਼ਮਾਂ ਦੀ ਵਾਇਰਸ ਤੋਂ ਸੇਫਟੀ ਦਾ ਕੀ ਇੰਤਜ਼ਾਮ ਹੈ?
ਸਾਡੇ ਧਿਆਨ 'ਚ ਇਹ ਮਾਮਲਾ ਵੀ ਹੈ। ਨਾਕਿਆਂ ਤੋਂ ਲੈ ਕੇ ਮਰੀਜ਼ਾਂ ਦੀ ਨਿਸ਼ਾਨਦੇਹੀ ਅਤੇ ਹਸਪਤਾਲ ਪਹੁੰਚਾਉਣ ਜਿਹੇ ਕਈ ਕੰਮਾਂ 'ਚ ਪੁਲਸ ਲੱਗੀ ਹੋਈ ਹੈ। ਇਹ ਫਰੰਟਲਾਈਨ ਟਾਸਕ ਹੈ। ਪੰਜਾਬ ਪੁਲਸ ਦੀਆਂ ਮੋਬਾਇਲ ਕਲੀਨਿਕ ਟੀਮਾਂ ਵੀ ਕੰਮ ਕਰ ਰਹੀਆਂ ਹਨ ਤਾਂ ਕਿ ਪੁਲਸ ਮੁਲਾਜ਼ਮਾਂ ਦੀ ਨਿਯੁਕਤੀ ਵਾਲੇ ਸਥਾਨ 'ਤੇ ਹੀ ਜਾਂਚ ਕੀਤੀ ਜਾ ਸਕੇ। ਲਗਭਗ 30 ਹਜ਼ਾਰ ਤੋਂ ਜ਼ਿਆਦਾ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਹਿਲਾਂ ਸਾਡੇ ਕੋਲ ਉਪਲੱਬਧਤਾ ਨਹੀਂ ਸੀ, ਪਰ ਹੁਣ ਸਰਕਾਰ ਵਲੋਂ ਸਪਲਾਈ ਮਿਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਮਾਸਕ ਵੀ ਉਪਲੱਬਧ ਕਰਵਾ ਰਹੇ ਹਾਂ। ਸਰਕਾਰ ਨੂੰ ਪੀ.ਪੀ.ਈ. ਕਿਟਸ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ।

PunjabKesari

ਖਾਲਿਸਤਾਨੀ ਵੀ ਮਾਹੌਲ ਦਾ ਫਾਇਦਾ ਚੁੱਕਣ ਲਈ ਸਰਗਰਮ ਹੋਏ ਹਨ?
ਬਦਕਿਸਮਤੀ ਹੈ ਕਿ ਕੁਝ ਲੋਕ ਅਜੇ ਵੀ ਅਜਿਹੇ ਹਨ, ਜੋ ਮਾਹੌਲ ਦਾ ਫਾਇਦਾ ਚੁੱਕਣ ਦੀ ਫਿਰਾਕ 'ਚ ਹਨ। ਪੰਜਾਬ ਪੁਲਸ ਵੱਲੋਂ ਇਨ੍ਹੇ ਵੱਡੇ ਪੱਧਰ 'ਤੇ ਮਾਨਵੀ ਤਰੀਕੇ ਨਾਲ ਕੀਤੇ ਗਏ ਕੰਮ ਦਾ ਵੀ ਅਜਿਹੀ ਮਾਨਸਿਕਤਾ ਵਾਲੇ ਲੋਕ ਸਾਥ ਨਹੀਂ ਦੇ ਰਹੇ ਹਨ। (ਐੱਸ.ਐੱਫ.ਜੇ. ਦੇ ਗੁਰਪਤਵੰਤ ਸਿੰਘ ਪੰਨੂ ਵੱਲ ਇਸ਼ਾਰਾ ਕਰਦਿਆਂ) ਹੈਰਾਨੀ ਹੈ ਕਿ ਕੁਝ ਲੋਕ ਅਜੇ ਵੀ ਫਜ਼ੂਲ ਦੀ ਵੀਡੀਓ ਪਾ ਰਹੇ ਹਨ, ਲੋਕਾਂ ਨੂੰ ਭੜਕਾਉਣ ਲਈ ਫੋਨ ਕਾਲਾਂ ਕਰ ਰਹੇ ਹਨ। ਲੋਕਾਂ ਦੀ ਮਦਦ ਕਰਨ ਦੀਆਂ ਡੀਂਗਾਂ ਮਾਰ ਰਹੇ ਹਨ, ਪਰ ਮੈਂ ਕਹਿਣਾ ਚਾਹਾਂਗਾ ਕਿ ਜੋ ਲੋਕ ਵਿਦੇਸ਼ਾਂ 'ਚ ਜਾ ਵਸੇ ਹਨ ਅਤੇ ਕੋਰੋਨਾ ਪੀੜਤ ਲੋਕਾਂ ਦੀ ਮਦਦ ਕਰਨ ਦੀ ਇੱਛਾ ਹੋ ਰਹੀ ਹੈ, ਉਹ ਉਸੇ ਦੇਸ਼ 'ਚ ਕਿਉਂ ਨਹੀਂ ਕਰ ਲੈਂਦੇ, ਜਿਥੇ ਰਹਿ ਰਹੇ ਹਨ।

ਲੋਕਾਂ ਦਾ ਸਹਿਯੋਗ ਕਿਹੋ ਜਿਹਾ ਹੈ?
ਪੁਲਸ ਵੱਲੋਂ ਕਰਫਿਊ ਲਾਗੂ ਕਰਵਾਉਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਕਰੀਬ 12500 ਪਿੰਡ ਹਨ। ਸੈਂਕੜੇ ਹੀ ਪਿੰਡਾਂ ਨੂੰ ਲੋਕਾਂ ਨੇ ਆਪਣੇ ਪੱਧਰ 'ਤੇ ਵੀ ਬੰਦ ਕੀਤਾ ਹੋਇਆ ਹੈ ਤਾਂ ਕਿ ਉਥੇ ਦੀ ਆਬਾਦੀ ਸੁਰੱਖਿਅਤ ਰਹੇ। ਇਸ ਨਾਲ ਯਕੀਨੀ ਤੌਰ 'ਤੇ ਪੁਲਸ ਨੂੰ ਵੀ ਮਦਦ ਮਿਲ ਰਹੀ ਹੈ। ਪਟਿਆਲਾ ਸਬਜ਼ੀ ਮੰਡੀ ਦੀ ਘਟਨਾ ਤੋਂ ਬਾਅਦ ਪੁਲਸ ਨੇ ਆਪਣੇ ਆਲੋਚਕਾਂ 'ਤੇ ਕਾਰਵਾਈ ਕਰਕੇ ਜ਼ਿਆਦਤੀ ਨਹੀਂ ਕੀਤੀ? ਪੁਲਸ ਦੀ ਆਲੋਚਨਾ ਕੋਈ ਗੁਨਾਹ ਨਹੀਂ ਹੈ। ਇਸ ਨੂੰ ਲੋਕਤੰਤਰਿਕ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਣਾ ਚਾਹੀਦਾ ਹੈ। ਨਿਹੰਗਾਂ ਵੱਲੋਂ ਕੀਤਾ ਗਿਆ ਹਮਲਾ ਹੈਰਾਨੀਜਨਕ ਘਟਨਾ ਸੀ ਪਰ ਸਿਰਫ ਕਸੂਰਵਾਰ ਲੋਕਾਂ ਖਿਲਾਫ ਹੀ ਕਾਰਵਾਈ ਕੀਤੀ ਗਈ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸਾਰੇ ਨਿਹੰਗ ਬੁਰੇ ਨਹੀਂ ਹਨ, ਸਾਡਾ ਕਈ ਨਿਹੰਗ ਜਥੇਬੰਦੀਆਂ ਨਾਲ ਵਾਸਤਾ ਪੈਂਦਾ ਹੈ ਅਤੇ ਕਈ ਨਿਹੰਗ ਸੰਸਥਾਵਾਂ ਬਹੁਤ ਹੀ ਵਧੀਆ ਕੰਮ ਕਰ ਰਹੀਆਂ ਹਨ, ਉਨ੍ਹਾਂ ਦਾ ਅਸੀ ਸਨਮਾਨ ਵੀ ਕਰਦੇ ਹਾਂ। ਉਨ੍ਹਾਂ ਦੀ ਆੜ 'ਚ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਛੱਡਿਆ ਨਹੀਂ ਜਾ ਸਕਦਾ। ਫੇਕ ਨਿਊਜ਼, ਅਫਵਾਹਾਂ ਨੂੰ ਰੋਕਣ ਲਈ ਇਕ ਪੂਰਾ ਗਰੁੱਪ ਕੰਮ ਕਰ ਰਿਹਾ ਹੈ। ਕਈ ਲੋਕਾਂ ਖਿਲਾਫ ਸਾਈਬਰ ਕ੍ਰਾਈਮ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਹਨ। ਅਸੀਂ ਇਸ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ ਪਰ ਇਹ ਵੀ ਨਹੀਂ ਕਿ ਅਣਜਾਣੇ 'ਚ ਕੀਤੀ ਗਈ ਗਲਤੀ ਲਈ ਸਿੱਧਾ ਮਾਮਲਾ ਦਰਜ ਕਰ ਰਹੇ ਹਾਂ। ਉਨ੍ਹਾਂ ਨੂੰ ਸਮਝਾਉਣ ਦੇ ਬਾਅਦ ਸਿੱਧੇ ਰਸਤੇ 'ਤੇ ਵੀ ਲਿਆ ਰਹੇ ਹਾਂ।

ਇਹ ਵੀ ਪੜ੍ਹੋ: ਇਨ੍ਹਾਂ ਮੁਲਾਜ਼ਮਾਂ ਨੇ ਵਧਾਈ ਪੰਜਾਬ ਪੁਲਸ ਦੀ ਸ਼ਾਨ, 12 ਦਿਨ ਦੇ ਬੱਚੇ ਦੀ ਇੰਝ ਬਚਾਈ ਜਾਨ

ਲਗਾਤਾਰ ਡਿਊਟੀ ਕਾਰਨ ਮੁਲਾਜ਼ਮਾਂ 'ਤੇ ਵੀ ਸਟ੍ਰੈੱਸ ਵਧੇਗਾ?
ਸਟ੍ਰੈੱਸ ਹੈ ਪਰ ਘੱਟ ਕਰਨ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਦੀ ਇਮਿਊਨਿਟੀ ਨੂੰ ਵਧਾਉਣਾ ਵੀ ਜ਼ਰੂਰੀ ਹੈ, ਇਸ ਲਈ ਦੋ-ਦੋ ਦਿਨ ਦੀ ਛੁੱਟੀ ਦਾ ਇੰਤਜ਼ਾਮ ਕਰ ਰਹੇ ਹਾਂ। ਖਾਣਾ, ਫ਼ਲ, ਮਲਟੀ ਵਿਟਾਮਿਨ ਵੀ ਉਪਲੱਬਧ ਕਰਵਾ ਰਹੇ ਹਾਂ ਤਾਂ ਕਿ ਫੋਰਸ ਫਿਟ ਅਤੇ ਤੰਦਰੁਸਤ ਰਹੇ। ਮੁਲਾਜ਼ਮਾਂ 'ਤੇ ਡਿਊਟੀ ਦਾ ਭਾਰ ਘੱਟ ਕਰਨ ਲਈ ਹੀ ਵੀ. ਆਈ. ਪੀ. ਸਕਿਓਰਿਟੀ 'ਚ ਕਮੀ ਕੀਤੀ ਗਈ ਹੈ। ਕਰੀਬ 2000 ਮੁਲਾਜ਼ਮ ਵੀ. ਆਈ. ਪੀ. ਸੁਰੱਖਿਆ ਤੋਂ ਹਟਾ ਕੇ ਪੁਲਸਿੰਗ 'ਚ ਲਾਏ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੀ ਸੁਰੱਖਿਆ ਤੋਂ ਮੁਲਾਜ਼ਮਾਂ ਨੂੰ ਵਾਪਸ ਭੇਜਿਆ। ਕਈ ਕੈਬਿਨੇਟ ਮੰਤਰੀ ਅਤੇ ਜੱਜਾਂ ਨੇ ਵੀ ਸਕਿਓਰਿਟੀ ਵਾਪਸ ਕੀਤੀ ਹੈ। ਇਸ ਨਾਲ ਡਿਊਟੀ ਰੋਟੇਸ਼ਨ 'ਚ ਸਫ਼ਲ ਹੋ ਰਹੇ ਹਾਂ।

ਜ਼ਿਆਦਾ ਗਿਣਤੀ 'ਚ ਬਣੇ ਪਾਸ ਵੀ ਖੜ੍ਹੀ ਕਰ ਰਹੇ ਮੁਸ਼ਕਲ?
ਕਰਫਿਊ ਲੱਗਾ ਹੋਇਆ ਹੈ, 25 ਦਿਨ ਹੋ ਚੁੱਕੇ ਹਨ। ਬਿਜਲੀ ਅਤੇ ਪਾਣੀ ਦੀ ਪੂਰੀ ਸਪਲਾਈ ਚੱਲ ਰਹੀ ਹੈ। ਇੰਝ ਹੀ ਕਈ ਹੋਰ ਸੇਵਾਵਾਂ ਹਨ, ਜੋ ਘਰ ਬੈਠੇ ਲੋਕਾਂ ਨੂੰ ਵੀ ਹਰ ਹਾਲ 'ਚ ਚਾਹੀਦੀਆਂ ਹਨ। ਇਸ ਸਭ ਨੂੰ ਧਿਆਨ 'ਚ ਰੱਖਦਿਆਂ ਹੀ ਪਾਸ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਵਿਆਹ ਜਾਂ ਜ਼ਰੂਰੀ ਸਮਾਰੋਹਾਂ ਲਈ ਪਾਸ ਜਾਰੀ ਕੀਤੇ ਜਾ ਰਹੇ ਹਨ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਈ ਲੋਕ ਬਿਨਾਂ ਵਜ੍ਹਾ ਹੀ ਕਰਫਿਊ ਦੌਰਾਨ ਬਾਹਰ ਘੁੰਮ ਰਹੇ ਹਨ, ਇਸ ਲਈ ਲਗਾਤਾਰ ਰੀਵਿਊ ਕਰ ਰਹੇ ਹਾਂ। ਖਾਣਾ ਵੰਡਣ ਵਾਲੀਆਂ ਸੰਸਥਾਵਾਂ ਵੀ ਕਈ ਜਗ੍ਹਾ 'ਤੇ ਸਮੱਸਿਆ ਬਣ ਕੇ ਸਾਹਮਣੇ ਆਈਆਂ ਹਨ। ਇਸ ਦਾ ਵੀ ਰੀਵਿਊ ਕੀਤਾ ਜਾ ਰਿਹਾ ਹੈ।

PunjabKesari

ਲਾਕਡਾਊਨ ਲੰਬਾ ਚੱਲਦਾ ਹੈ ਤਾਂ ਕੀ ਲੋਕਾਂ ਨੂੰ ਸੰਭਾਲਣਾ ਮੁਸ਼ਕਿਲ ਨਹੀਂ ਹੋਵੇਗਾ?
ਇਸ ਦੇ ਪਿੱਛੇ ਸਟ੍ਰੈੱਸ ਸਭ ਤੋਂ ਵੱਡਾ ਕਾਰਨ ਹੈ। ਆਰਥਿਕ ਪੱਖ ਵੀ ਹੈ, ਮਜ਼ਦੂਰਾਂ ਦੀ ਸਮੱਸਿਆ ਹੈ, ਲੋਅਰ ਅਤੇ ਮਿਡਲ ਕਲਾਸ ਸਭ ਤੋਂ ਜ਼ਿਆਦਾ ਇਫੈਕਟ ਹੋਣ ਵਾਲੀ ਹੈ ਪਰ ਸਰਕਾਰ ਦੇ ਪੱਧਰ 'ਤੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੰਟੋਨਮੈਂਟ ਜ਼ੋਨ ਵੀ ਬਣਾਏ ਜਾਣਗੇ। ਇਸ ਨਾਲ ਉਮੀਦ ਹੈ ਕਿ ਕਈ ਤਰ੍ਹਾਂ ਦੇ ਕੰਮ ਸ਼ੁਰੂ ਹੋ ਜਾਣਗੇ ਅਤੇ ਲੋਕਾਂ ਦਾ ਖਾਸਕਰ ਦਿਹਾੜੀਦਾਰ ਲੋਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਨਾਲ ਆਰਥਿਕਤਾ ਨੂੰ ਵੀ ਮੂਵਮੈਂਟ ਮਿਲੇਗੀ। ਅਸੀਂ ਟਰੱਕਾਂ ਦੀ ਆਵਾਜਾਈ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਹੋਈ ਹੈ, ਜਿਸ ਤੋਂ ਬਾਅਦ ਸਪਲਾਈ ਚੇਨ ਨਾਰਮਲ ਵੱਲ ਵਧੀ ਹੈ ਅਤੇ ਹੌਲੀ-ਹੌਲੀ ਇੰਝ ਹੀ ਬਾਕੀ ਕੰਮ ਵੀ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ''ਤੇ ਲਗਾ ਚੁੱਕੈ ਪਾਬੰਦੀ, ਰੈਣ ਬਸੇਰੇ ''ਚ ਲੋਕਾਂ ਦੀ ਹਾਲਤ ਹੋਈ ਮਾੜੀ

ਪੁਲਸ ਲਈ ਇਹ ਬਿਲਕੁਲ ਨਵਾਂ ਐਕਸਪੀਰੀਐਂਸ ਹੈ, ਤੁਸੀਂ ਕੀ ਕਹਿੰਦੇ ਹੋ?
ਬਿਲਕੁਲ, ਮੈਂ ਸਮਝਦਾ ਹਾਂ ਕਿ ਪੰਜਾਬ ਪੁਲਸ ਲਈ ਇਕ ਵੱਡੇ ਬਦਲਾਅ ਦਾ ਦੌਰ ਹੈ। ਕਿਤੇ ਪੁਲਸ ਮਾਨਵੀ ਤਰੀਕੇ ਨਾਲ ਪੇਸ਼ ਆਉਂਦੀ ਦਿਖਾਈ ਦੇ ਰਹੀ ਹੈ ਅਤੇ ਕਿਤੇ ਰਵਾਇਤੀ। ਜਦੋਂ ਸ਼ੁਰੂਆਤ ਹੋਈ ਸੀ, 3 ਕਰੋੜ ਦੇ ਕਰੀਬ ਲੋਕਾਂ ਨੂੰ ਕਰਫਿਊ ਪਾਲਣ ਕਰਵਾਉਣਾ ਸੀ ਅਤੇ 48 ਹਜ਼ਾਰ ਦੇ ਆਸਪਾਸ ਫੋਰਸ ਸੀ। ਇਸ ਨਾਲ ਪੰਜਾਬ ਪੁਲਸ ਦੇ ਜਵਾਨਾਂ 'ਤੇ ਵੀ ਸਟ੍ਰੈੱਸ ਸੀ। ਕਈ ਜਗ੍ਹਾ 'ਤੇ ਕੁੱਝ ਘਟਨਾਵਾਂ ਵੀ ਵਾਪਰੀਆ ਪਰ ਸਿਰਫ ਸ਼ੁਰੂਆਤੀ ਦਿਨਾਂ ਦੀਆਂ ਸਨ। ਜਾਂਚ ਕੀਤੀ ਗਈ ਅਤੇ ਐਕਸ਼ਨ ਵੀ ਲਿਆ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ 'ਚ ਬਹੁਤ ਵੱਡਾ ਬਦਲਾਅ ਦਿਸਿਆ। ਕਈ ਜਗ੍ਹਾ 'ਤੇ ਪੁਲਸ ਵੱਲੋਂ ਜ਼ਿਆਦਤੀ ਹੋਈ, ਉਸ ਨੂੰ ਡੀ. ਜੀ. ਪੀ. ਹੋਣ ਦੇ ਨਾਤੇ ਕਬੂਲ ਕਰਦਾ ਹਾਂ।

ਪੰਜਾਬ ਦੇ ਨਿਵਾਸੀਆਂ ਤੋਂ ਮੁਆਫੀ ਵੀ ਮੰਗਦਾ ਹਾਂ ਪਰ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਪੰਜਾਬ ਪੁਲਸ ਦੇ ਹੀ ਕਈ ਮੁਲਾਜ਼ਮਾਂ ਨੇ ਅਜਿਹੇ ਵੀ ਕਈ ਜਗ੍ਹਾ 'ਤੇ ਕੰਮ ਕੀਤੇ ਹਨ, ਜਿਨ੍ਹਾਂ ਦੀ ਪੰਜਾਬ ਦੇ ਹਰ ਨਿਵਾਸੀ ਨੇ ਤਾਰੀਫ ਕੀਤੀ ਹੈ। ਪੰਜਾਬ ਪੁਲਸ ਨੂੰ ਦੁਆਵਾਂ ਦਿੱਤੀਆਂ ਹਨ, ਜਿਸ 'ਚ ਮੋਗਾ 'ਚ ਡਲਿਵਰੀ ਕਰਵਾਉਣ ਜਿਹਾ ਕੰਮ ਵੀ ਸ਼ਾਮਲ ਰਿਹਾ। ਪੁਲਸ ਦੀ ਮੈਂਟਲ ਹੈਲਥ ਲਈ ਅਧਿਕਾਰੀ ਖੁਦ ਮੋਰਚਾ ਸੰਭਾਲ ਰਹੇ ਹਨ। ਖੁਦ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਯਕੀਨੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ। ਪੁਲਸ ਨੂੰ ਲੋਕਾਂ ਵੱਲੋਂ ਇੰਨਾ ਸਹਿਯੋਗ ਮਿਲ ਰਿਹਾ ਹੈ ਕਿ ਉਹ ਖੁਦ ਹੀ ਚੜ੍ਹਦੀ ਕਲਾ 'ਚ ਦਿਸ ਰਹੇ ਹਨ। ਇਹ ਪੰਜਾਬ ਪੁਲਸ 'ਚ ਬਹੁਤ ਵੱਡਾ ਬਦਲਾਅ ਹੈ। ਇਹ ਪੀਪਲਸ ਫੋਰਸ ਦੇ ਤੌਰ 'ਤੇ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਜਲੰਧਰ: ਮੇਅਰ ਸਣੇ ਦੋ ਦਰਜਨ ਕੌਂਸਲਰਾਂ ਨੇ ਕਰਵਾਇਆ ਕੋਰੋਨਾ ਵਾਇਰਸ ਦਾ ਟੈਸਟ


shivani attri

Content Editor

Related News