ਨਵਾਂਸ਼ਹਿਰ ''ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਇਕ ਹੋਰ ਸ਼ਰਧਾਲੂ ਨਿਕਲਿਆ ''ਕੋਰੋਨਾ'' ਪਾਜ਼ੇਟਿਵ
Monday, May 11, 2020 - 07:29 PM (IST)
ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਨਵਾਂਸ਼ਹਿਰ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਇਕ ਹੋਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਨਾਲ ਹੀ ਹੁਣ ਜ਼ਿਲੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 105 ਤੱਕ ਪੁੱਜ ਗਈ ਹੈ। ਹਾਲਾਂਕਿ ਇਨ੍ਹਾਂ 'ਚੋਂ 18 ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਦਕਿ 1 ਦੀ ਮੌਤ ਹੋ ਗਈ ਸੀ। ਉਪਰੋਕਤ ਪਾਜ਼ੇਟਿਵ ਸੈਂਪਲਾਂ 'ਚੋਂ 85 ਮਰੀਜ਼ ਜ਼ਿਲੇ 'ਚ ਬਣੇ ਆਈਸੋਲੇਸ਼ਨ ਸੈਂਟਰਾਂ ਅਤੇ 1 ਮਾਛੀਵਾੜਾ ਨਾਲ ਸਬੰਧਤ ਮਰੀਜ਼ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ
ਇਸ ਦੇ ਨਾਲ ਹੀ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਬਲਾਚੌਰ ਦੇ ਬੂਥਗੜ੍ਹ 'ਚੋਂ ਪਾਜ਼ੇਟਿਵ ਪਾਏ ਗਏ ਪਹਿਲੇ ਵਿਅਕਤੀ ਦਾ ਆਈਸੋਲੇਸ਼ਨ ਸਮਾਂ ਪੂਰਾ ਕਰਨ ਤੋਂ ਬਾਅਦ ਕਰਵਾਈ ਗਈ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ। ਉਸ ਦਾ ਦੂਜਾ ਸੈਂਪਲ ਅੱਜ ਭੇਜ ਦਿੱਤਾ ਗਿਆ ਹੈ, ਜਿਸ ਦੀ ਕੱਲ੍ਹ ਰਿਪੋਰਟ ਆਉਣ ਦੀ ਉਮੀਦ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਹੁਣ ਤੱਕ 1520 ਸੈਂਪਲਾਂ 'ਚੋਂ 1357 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ 57 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚੋਂ ਹੁਣ ਤੱਕ 105 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲਾ ਐਪੀਡੀਮਾਲੋਜਿਸਟ ਡਾ. ਜਗਦੀਪ ਨੇ ਦੱਸਿਆ ਕਿ ਐਤਵਾਰ ਦੇਰ ਰਾਤ 26 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆਈ ਸੀ। ਜਿਸ 'ਚੋਂ 1 ਸੈਂਪਲ ਪਾਜ਼ੇਟਿਵ ਅਤੇ ਬਾਕੀ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਜਿਸ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਸ ਦੇ ਸੈਂਪਲ ਨੂੰ ਰਿਪੀਟ ਕੀਤਾ ਗਿਆ ਸੀ ਅਤੇ ਉਹ ਪਹਿਲਾ ਹੀ ਕੁਆਰੰਟਾਈਨ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲਿਆਂ ਸਣੇ 60 ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ।
ਇਹ ਵੀ ਪੜ੍ਹੋ: ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਹੋਏ ਵਿਵਾਦ 'ਤੇ ਬੋਲੇ ਮਜੀਠੀਆ, ਮੰਗੀ ਸੀ. ਬੀ. ਆਈ. ਜਾਂਚ