ਕੋਰੋਨਾ ਦਾ ਕੇਸ ਆਉਣ ਨਾਲ ਐਸ.ਬੀ.ਆਈ ਦੀ ਸ਼ਾਖ਼ਾ ਹੋਈ ਸੀਲ

06/24/2020 6:36:22 PM

ਕਪੂਰਥਲਾ (ਵਿਪਨ, ਓਬਰਾਏ)— ਕਪੂਰਥਲਾ ਦੇ ਮਾਲ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ 'ਚ ਕੰਮ ਕਰਦੀ ਜਲੰਧਰ ਵਾਸੀ ਬੀਬੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ 'ਤੇ ਸਿਹਤ ਮਹਿਕਮਾ ਕਪੂਰਥਲਾ ਦੀ ਟੀਮ ਨੇ ਬੈਂਕ ਸ਼ਾਖ਼ਾ ਨੂੰ ਸੀਲ ਕਰ ਦਿੱਤਾ ਹੈ। ਬੁੱਧਵਾਰ ਨੂੰ ਸਵੇਰੇ ਬੈਂਕ 'ਚ ਕੰਮ ਜਾਰੀ ਰਿਹਾ ਪਰ ਬਾਅਦ ਦੁਪਹਿਰ ਸਿਹਤ ਮਹਿਕਮਾ ਨੇ ਸਖ਼ਤੀ ਦੇ ਨਾਲ ਹੁਕਮ ਜਾਰੀ ਕਰਕੇ ਸ਼ਾਖ਼ਾ ਨੂੰ ਸੀਲ ਕਰ ਦਿੱਤਾ ਅਤੇ ਸ਼ਾਖ਼ਾ ਦੇ 30 ਦੇ ਕਰੀਬ ਕਰਮਚਾਰੀਆਂ ਦੀ ਸੈਂਪਲਿੰਗ ਕੀਤੀ ਅਤੇ ਉਨ੍ਹਾਂ ਨੂੰ ਹੋਮ ਕੁਆਰੰਟਾਈਨ 'ਚ ਰਹਿਣ ਦੇ ਆਦੇਸ਼ ਦਿੱਤੇ।

ਸ਼ਾਖ਼ਾ ਸੀਲ ਹੋਣ ਨਾਲ ਖਾਤਾ ਧਾਰਕਾਂ 'ਚ ਦਹਿਸ਼ਤ ਦਾ ਮਾਹੌਲ
ਸਟੇਟ ਬੈਂਕ ਆਫ ਇੰਡੀਆ ਦੀ ਮਾਲ ਰੋਡ ਸਥਿਤ ਸ਼ਾਖ਼ਾ ਦੇ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ਕਾਰਨ ਸੀਲ ਹੋਣ ਦੀ ਖਬਰ ਅੱਗ ਵਾਂਗ ਫੈਲਣ ਨਾਲ ਬੈਂਕ ਸ਼ਾਖ਼ਾ ਦੇ ਖਾਤਾ ਧਾਰਕਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ਹਿਰ ਦੀ ਇਕ ਵੱਡੀ ਬੈਂਕ ਸ਼ਾਖ਼ਾ ਹੈ, ਜਿਸ 'ਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਲੋਕ ਬੈਂਕਿੰਗ ਕੰਮਾਂ ਲਈ ਆਉਂਦੇ ਹਨ। ਇਸ ਸ਼ਾਖ਼ਾ 'ਚ ਵੱਡੀ ਗਿਣਤੀ 'ਚ ਸਰਕਾਰੀ ਮਹਿਕਮਿਆਂ ਤੋਂ ਰਿਟਾਇਰ ਹੋਏ ਕਾਮਿਆਂ ਦੀ ਪੈਨਸ਼ਨ ਆਉਂਦੀ ਹੈ ਅਤੇ ਸ਼ਹਿਰ ਦੇ ਵੱਡੇ-ਵੱਡੇ ਉਦਯੋਗਪਤੀਆਂ, ਕਾਰੋਬਾਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਦੇ ਖਾਤੇ ਵੀ ਹਨ, ਜੋ ਰੋਜ਼ਾਨਾ ਬੈਂਕਿੰਗ ਨਾਲ ਸਬੰਧਤ ਕੰਮਾਂ ਲਈ ਬੈਂਕ ਆਉਂਦੇ ਜਾਂਦੇ ਰਹਿੰਦੇ ਹਨ। ਬੈਂਕ ਸੀਲ ਹੋਣ ਦੀ ਖਬਰ ਨਾਲ ਸਭ ਤੋਂ ਜਿਆਦਾ ਡਰ ਉਨ੍ਹਾਂ ਲੋਕਾਂ 'ਚ ਪਾਇਆ ਗਿਆ, ਜੋ ਕੁਝ ਦਿਨ ਪਹਿਲਾ ਇਸ ਬੈਂਕ 'ਚ ਕਿਸੇ ਨਾਲ ਗਏ ਸਨ।

PunjabKesari

ਸਿਹਤ ਵਿਭਾਗ ਦੀ ਟੀਮ ਨੇ ਕੀਤਾ ਵੱਖ-ਵੱਖ ਖੇਤਰਾਂ 'ਚ ਸਰਵੇ
ਬੀਤੇ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਦੇ ਸ਼ਹਿਰ 'ਚ ਪਾਏ ਜਾ ਰਹੇ ਕੇਸਾਂ ਦੇ ਮੱਦੇਨਜ਼ਰ ਸਿਹਤ ਮਹਿਕਿਮਆਂ ਦੀਆਂ ਟੀਮਾਂ ਨੇ ਸਰਵੇ ਦਾ ਦੌਰ ਤੇਜ਼ ਕਰ ਦਿੱਤਾ ਹੈ। ਇਸ ਸਰਵੇ ਦੌਰਾਨ ਰੋਜ਼ਾਨਾ ਵੱਡੀ ਗਿਣਤੀ 'ਚ ਖੇਤਰਾਂ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਇਸ ਮਹਾਮਾਰੀ ਦੇ ਡੰਕ ਤੋਂ ਸ਼ਹਿਰ ਨਿਵਾਸੀਆਂ ਨੂੰ ਬਚਾਇਆ ਜਾ ਸਕਦਾ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਟੀਮਾਂ ਨੇ ਬੁੱਧਵਾਰ ਨੂੰ ਪ੍ਰਕਾਸ਼ ਐਵੀਨਿਊ ਸ਼ੇਖੂਪੁਰ, ਪ੍ਰੀਤ ਨਗਰ, ਮੁਹੱਬਤ ਨਗਰ, ਔਜਲਾ ਫਾਟਕ ਰੋਡ, ਲਾਹੌਰੀ ਗੇਟ, ਬਾਬਾ ਨਾਮਦੇਵ ਕਾਲੋਨੀ ਆਦਿ ਖੈਤਰਾਂ 'ਚ ਸਰਵੇ ਕੀਤਾ ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ।


shivani attri

Content Editor

Related News