ਜਲੰਧਰ 'ਚ ਮਿਲਿਆ ਇਕ ਹੋਰ ਕੋਰੋਨਾ ਦਾ ਪਾਜ਼ੀਟਿਵ ਕੇਸ, ਗਿਣਤੀ 25 ਤੱਕ ਪਹੁੰਚੀ
Tuesday, Apr 14, 2020 - 06:07 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਫਿਰ ਤੋਂ ਜਲੰਧਰ 'ਚ ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਲੰਧਰ 'ਚੋਂ ਕੋਈ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਸੀ ਅਤੇ ਪਰ ਸ਼ਾਮ ਤੋਂ ਬਾਅਦ ਇਕ 72 ਸਾਲਾ ਵਿਅਕਤੀ ਜੀਤ ਲਾਲ ਦੀ ਰਿਪੋਰਟ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜਲੰਧਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਉਕਤ ਮਰੀਜ਼ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਕਤ ਵਿਅਕਤੀ ਸ਼ਹਿਰ ਦੇ ਮੁਹੱਲਾ ਰਵਿਦਾਸ, ਬਸਤੀ ਦਾਨੀਸ਼ਮੰਦਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੈਂਡਿੰਗ ਪਈਆਂ ਰਿਪੋਰਟਾਂ ਵਿਚੋਂ 50 ਰੋਗੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਹਾਰਟ ਤੇ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਦਾਖਲ ਹੋਇਆ ਸੀ ਰੋਗੀ
ਮੰਗਲਵਾਰ ਨੂੰ ਜਿਸ ਰੋਗੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਸ ਦੇ ਬਾਰੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰੋਗੀ ਹਾਰਟ ਅਤੇ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਦਾਖਲ ਹੋਇਆ ਸੀ ਜਦੋਂਕਿ ਨਾ ਤਾਂ ਉਸ ਦੀ ਕੋਈ ਟ੍ਰੈਵਲ ਹਿਸਟਰੀ ਮਿਲੀ ਅਤੇ ਨਾ ਹੀ ਉਸ ਦਾ ਕਿਸੇ ਪਾਜ਼ੀਟਿਵ ਰੋਗੀ ਨਾਲ ਸੰਪਰਕ ਸਾਹਮਣੇ ਆਇਆ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ 18 ਕੋਰੋੋਨਾ ਪਾਜ਼ੀਟਿਵ ਰੋਗੀ
ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ 25 ਪਾਜ਼ੀਟਿਵ ਰੋਗੀ ਮਿਲੇ ਹਨ ਅਤੇ ਇਨ੍ਹਾਂ ਵਿਚੋਂ 18 ਸਿਵਲ ਹਸਪਤਾਲ ਜਲੰਧਰ ਅਤੇ 1 ਸੀ. ਐੱਮ. ਸੀ. ਲੁਧਿਆਣਾ ਵਿਚ ਜ਼ੇਰੇ ਇਲਾਜ਼ ਹੈ ਜਦੋਂਕਿ 4 ਪਾਜ਼ੀਟਿਵ ਰੋਗੀ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 2 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ
ਕੋਰੋਨਾ ਪਾਜ਼ੀਟਿਵ ਰੋਗੀ ਦੇ ਪਰਿਵਾਰਕ ਮੈਂਬਰਾਂ ਦੇ ਵੀ ਲਏ ਸੈਂਪਲ
ਬਸਤੀ ਦਾਨਿਸ਼ਮੰਦਾਂ ਦੇ ਜਿਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਸਿਹਤ ਵਿਭਾਗ ਨੇ ਚੌਕਸੀ ਵਜੋਂ ਉਸ ਦੇ ਪਰਿਵਾਰ ਦੇ 10 ਲੋਕਾਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਇਲਾਕੇ ਸਮੇਤ ਨਾਲ ਲੱਗਦੇ ਇਲਾਕਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਡਾ. ਤਲਵਾੜ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ ਦੀ ਰਿਪੋਰਟ ਨੈਗੇਟਿਵ
ਮੰਗਲਵਾਰ ਨੂੰ ਜਿਨ੍ਹਾਂ ਸ਼ੱਕੀ ਰੋਗੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ ਵਿਚ ਤਲਵਾੜ ਹਸਪਤਾਲ ਦੇ ਡਾ. ਆਦਰਸ਼ ਤਲਵਾੜ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਟਾਫ ਦੀ ਰਿਪੋਰਟ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਤਲਵਾੜ ਹਸਪਤਾਲ ’ਚ ਇਲਾਜ ਅਧੀਨ ਸ਼ਾਹਕੋਟ ਨਿਵਾਸੀ ਇਕ ਔਰਤ ਦੀ ਮੌਤ ਸਿਵਲ ਹਸਪਤਾਲ ਲਿਜਾਂਦਿਆਂ ਹੀ ਹੋ ਗਈ ਸੀ। ਸਿਹਤ ਵਿਭਾਗ ਨੇ ਮ੍ਰਿਤਕ ਔਰਤ ਦਾ ਬਲੱਡ ਸੈਂਪਲ ਲਿਆ ਸੀ, ਜਿਸ ਦੀ ਬਾਅਦ ’ਚ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਡਾ. ਆਦਰਸ਼ ਤਲਵਾੜ ਨੇ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ, ਸਟਾਫ ਦਾ ਕੋਰੋਨਾ ਟੈਸਟ ਲਈ ਸੈਂਪਲ ਦਿੱਤਾ ਸੀ।
ਪੰਜਾਬ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 184 ਤੱਕ ਪੁੱਜਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 184 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 56, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 22, ਜਲੰਧਰ ਤੋਂ 25, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11-11 ਪਾਜ਼ੀਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਇਹ ਵੀ ਪੜ੍ਹੋ ► ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ
ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ
ਦੁਨੀਆ ਭਰ 'ਚ ਕੋਰੋਨਾ ਕਾਰਨ ਹੁਣ ਤਕ 1,16,814 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ 18,76,810 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ 'ਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 9152 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 308 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ ► ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ, ਜਾਣੋ ਕਿਉਂ
ਇਹ ਵੀ ਪੜ੍ਹੋ ► ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ (ਵੀਡੀਓ)
ਇਹ ਵੀ ਪੜ੍ਹੋ ► ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ