ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 344 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਨੈਗੇਟਿਵ
Thursday, Jul 23, 2020 - 12:35 PM (IST)
ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ 344 ਸ਼ੱਕੀ ਮਰੀਜ਼ਾਂ ਦੀਆਂ ਕੋਰੋਨਾ ਜਾਂਚ ਲਈ ਭੇਜੀਆਂ ਗਈਆਂ ਰਿਪੋਰਟਾਂ ਨੈਗੇਟਿਵ ਹਾਸਲ ਹੋਈਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1784 ਤੱਕ ਪਹੁੰਚ ਚੁੱਕਾ ਹੈ ਜਦਕਿ 35 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਸੰਜੇ ਕਰਾਟੇ ਦੇ ਮਾਲਕ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਸ਼ਿਲਪਾ ਸ਼ੈੱਟੀ ਦਾ ਜਾਣਕਾਰ ਦੱਸ ਮਾਰੀ ਕਰੋੜਾਂ ਦੀ ਠੱਗੀ
ਬੁੱਧਵਾਰ ਨੂੰ ਹੋਈ ਸੀ ਕੋਰੋਨਾ ਨਾਲ ਬਜ਼ੁਰਗ ਬੀਬੀ ਦੀ ਮੌਤ
ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਦੇ ਨਾਲ-ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਇਕ ਬੀਬੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਦੇ ਪ੍ਰਧਾਨ ਸੁਰਿੰਦਰ ਪਾਲ ਸਮੇਤ 55 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਰਜਨੀ ਨਾਂ ਦੀ ਬੀਬੀ ਨੇ ਕੋਰੋਨਾ ਕਾਰਨ ਦਮ ਤੋੜਿਆ ਸੀ। ਉਹ ਸਥਾਨਕ ਗੋਪਾਲ ਨਗਰ ਮੁਹੱਲਾ ਕਰਾਰ ਖਾਂ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਕੋਰੋਨਾ ਰਿਪੋਰਟ ਸਿਵਲ ਹਸਪਤਾਲ ਵਿਚ ਲੱਗੀ ਟਰੂਨੇਟ ਮਸ਼ੀਨ 'ਤੇ ਟੈਸਟ ਕਰਨ ਉਪਰੰਤ ਪਾਜ਼ੇਟਿਵ ਆਈ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਜਿਨ੍ਹਾਂ 55 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਕੇਸ ਨਵੇਂ ਹਨ।
ਸਿਹਤ ਮਹਿਕਮੇ ਦੇ ਅਨੁਸਾਰ ਜ਼ਿਲ੍ਹੇ 'ਚ ਇਸ ਸਮੇਂ 553 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 102 ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਆਪਣੇ ਘਰਾਂ 'ਚ ਆਈਸੋਲੇਟ ਹਨ, ਜਦਕਿ 82 ਸਿਵਲ ਹਸਪਤਾਲ 'ਚ, 179 ਮੈਰੀਟੋਰੀਅਸ ਸਕੂਲ 'ਚ, 54 ਮਿਲਟਰੀ ਹਸਪਤਾਲ 'ਚ, 35 ਬੀ. ਐੱਸ. ਐੱਫ. ਹਸਪਤਾਲ 'ਚ, 13 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 10 ਲੁਧਿਆਣਾ ਦੇ ਹਸਪਤਾਲਾਂ 'ਚ, 1 ਪੀ. ਜੀ. ਆਈ. ਚੰਡੀਗੜ੍ਹ 'ਚ, 16 ਨਿੱਜੀ ਹਸਪਤਾਲਾਂ 'ਚ ਦਾਖਲ ਹਨ ਅਤੇ 61 ਪਾਜ਼ੇਟਿਵ ਰੋਗੀਆਂ ਨੂੰ ਘਰ ਸ਼ਿਫਟ ਕੀਤਾ ਜਾਣਾ ਹੈ।