ਜਲੰਧਰ 'ਚ ਘੁੰਮ ਰਹੇ ਨੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼, ਸਿਹਤ ਮਹਿਕਮਾ ਬੇਖ਼ਬਰ

Thursday, Jun 11, 2020 - 01:54 PM (IST)

ਜਲੰਧਰ 'ਚ ਘੁੰਮ ਰਹੇ ਨੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼, ਸਿਹਤ ਮਹਿਕਮਾ ਬੇਖ਼ਬਰ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਥੇ ਹੁਣ ਤੱਕ ਕੁੱਲ 319 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 10 ਮਰੀਜ਼ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਸੰਸਾਰ ਭਰ ਵਿਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਵਿਨਾਸ਼ਕਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਮਹਿਕਮਾ ਇਸ ਕਦਰ ਬੇਖ਼ਬਰ ਹੈ ਕਿ ਸ਼ਾਇਦ ਉਸ ਨੂੰ ਪਤਾ ਹੀ ਨਹੀਂ ਕਿ ਇਨ੍ਹੀਂ ਦਿਨੀਂ ਸ਼ਹਿਰ 'ਚ ਕੋਰੋਨਾ ਦੇ ਕਿੰਨੇ ਪਾਜ਼ੇਟਿਵ ਰੋਗੀ ਘੁੰਮ ਰਹੇ ਹਨ ਜੋ ਕਿ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ।

ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਵੱਲੋਂ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਜਿਨ੍ਹਾਂ ਸ਼ੱਕੀ ਰੋਗੀਆਂ ਦੇ ਨਮੂਨੇ ਲਏ ਗਏ ਸਨ,ਉਨ੍ਹਾਂ ਦੀ ਰਿਪੋਰਟ 4 ਦਿਨ ਬਾਅਦ ਵੀ ਮਹਿਕਮੇ ਨੂੰ ਪ੍ਰਾਪਤ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਨੂੰ ਬੁੱਧਵਾਰ ਸ਼ਾਮ 5 ਵਜੇ ਤੱਕ 1663 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਸੀ ;ਜਦੋਂਕਿ ਵਿਭਾਗ ਨੇ ਬੁੱਧਵਾਰ ਨੂੰ ਵੀ ਲਗਭਗ 500 ਤੋਂ ਜ਼ਿਆਦਾ ਰੋਗੀਆਂ ਦੇ ਨਮੂਨੇ ਕੋਰੋਨਾ ਦੀ ਪੁਸ਼ਟੀ ਲਈ ਲਏ ਹਨ। ਜੇਕਰ ਪਿਛਲੇ ਦਿਨਾਂ ਦੀ ਰਿਪੋਰਟ ਵੇਖੀ ਜਾਵੇ ਤਾਂ 500 'ਚੋਂ 10-12 ਪਾਜ਼ੇਟਿਵ ਕੇਸ ਮਿਲ ਰਹੇ ਹਨ। ਇਸ ਹਿਸਾਬ ਨਾਲ ਜੇਕਰ 1600 'ਚੋਂ 30- 35 ਰੋਗੀ ਵੀ ਪਾਜ਼ੇਟਿਵ ਹੋਏ ਤਾਂ ਹੋ ਸਕਦਾ ਹੈ ਕਿ ਉਹ ਬਾਜ਼ਾਰਾਂ 'ਚ ਘੁੰਮ ਰਹੇ ਹੋਣ, ਜਿਨ੍ਹਾਂ ਤੋਂ ਹੋਰ ਕਈ ਲੋਕ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ। ਕੋਵਿਡ-19 ਮਹਾਮਾਰੀ ਦਾ ਸੰਤਾਪ ਜ਼ਿਲ੍ਹੇ ਵਿਚ ਥੰਮਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ ਨੂੰ ਇਸ ਵਾਇਰਸ ਨਾਲ ਜਲੰਧਰ ਵਿਚ 86 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ, ਜਿਸ ਕਾਰਨ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।

ਕੁਲ ਨਮੂਨੇ 12022
ਨੈਗੇਟਿਵ ਆਏ 9863
ਪਾਜ਼ੇਟਿਵ ਆਏ 319
ਜਿਹਨਾਂ ਰੋਗੀਆਂ ਨੂਂ ਘਰ ਜਾਣ ਦੀ ਇਜਾਜ਼ਤ ਮਿਲੀ 247
ਮੌਤਾਂ ਹੋਈਆਂ 10
ਹਸਪਤਾਲਾਂ ਵਿਚ ਦਾਖਲ 62


author

shivani attri

Content Editor

Related News