ਨਾਕੇ ''ਤੇ ਖੜ੍ਹੇ ਏ. ਐੱਸ. ਆਈ. ''ਤੇ ਚੜ੍ਹਾਈ ਕਾਰ, ਬੈਰੀਕੇਡ ਵੀ ਤੋੜੇ
Monday, May 18, 2020 - 03:16 PM (IST)
ਜਲੰਧਰ (ਮਹੇਸ਼)— ਲਾਕ ਡਾਊਨ ਸਬੰਧੀ ਹੁਸ਼ਿਆਰਪੁਰ ਹਾਈਵੇਅ 'ਤੇ ਪਿੰਡ ਹਜ਼ਾਰਾ ਦੇ ਮੋੜ ਤੇ ਸਾਹਮਣੇ ਸ਼ਨੀਵਾਰ ਦੇਰ ਰਾਤ ਨੂੰ ਦਿਹਾਤੀ ਥਾਣਾ ਪਤਾਰਾ ਦੀ ਪੁਲਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਉਥੇ ਤਾਇਨਾਤ ਏ. ਐੱਸ. ਆਈ. 'ਤੇ ਇਕ ਨੌਜਵਾਨ ਵੱਲੋਂ ਕਾਰ ਚੜ੍ਹਾ ਦਿੱਤੀ ਗਈ। ਜਿਸ ਦੌਰਾਨ ਏ. ਐੱਸ. ਆਈ. ਬਲਬੀਰ ਸਿੰਘ ਗੰਭੀਰ ਫੱਟੜ ਹੋ ਗਿਆ ਅਤੇ ਉਸ ਦੇ ਸਾਥੀ ਪੁਲਸ ਕਰਮਚਾਰੀਆਂ ਨੇ ਉਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ। ਹਸਪਤਾਲ ਦੇ ਮੁਖੀ ਡਾ. ਬੀ. ਐੱਸ. ਜੌਹਲ ਨੇ ਦੱਸਿਆ ਕਿ ਏ. ਐੱਸ. ਆਈ. ਦੇ ਸਿਰ 'ਚ ਕਾਫੀ ਜ਼ਿਆਦਾ ਸੱਟ ਲਗੀ ਹੈ, ਜਿਸ ਨੂੰ ਲੈ ਕੇ ਉਸ ਦਾ ਇਲਾਜ ਰਾਤ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਐਤਵਾਰ ਹਸਪਤਾਲ ਵਿਖੇ ਏ. ਐੱਸ. ਆਈ. ਦਾ ਹਾਲਚਾਲ ਜਾਣਨ ਵਾਸਤੇ ਪੁੱਜੇ ਥਾਣਾ ਮੁਖੀ ਪਤਾਰਾ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਰਾਤ ਦੇ ਨਾਕੇ 'ਤੇ ਪਿੰਡ ਹਜ਼ਾਰਾ ਲਾਗੇ ਤਾਇਨਾਤ ਸਨ।
ਇਸੇ ਦੌਰਾਨ ਇਕ ਤੇਜ਼-ਰਫਤਾਰ ਕਾਰ ਰਾਮਾ ਮੰਡੀ ਵਾਲੇ ਪਾਸਿਓਂ ਆਈ, ਜਿਸ ਨੂੰ ਥਾਣਾ ਆਦਮਪੁਰ ਦੇ ਪਿੰਡ ਦੂਹੜੇ ਦਾ ਰਹਿਣ ਵਾਲਾ ਬਲਰਾਜ ਸਿੰਘ ਪੁੱਤਰ ਮਨੋਹਰ ਸਿੰਘ ਚੱਲਾ ਰਿਹਾ ਸੀ। ਉਸਨੇ ਪਹਿਲਾਂ ਆਪਣੀ ਕਾਰ ਸੜਕ 'ਤੇ ਪਏ ਬੈਰੀਕੇਡਾਂ ਵਿਚ ਮਾਰੀ ਅਤੇ ਫਿਰ ਏ. ਐੱਸ. ਆਈ. 'ਤੇ ਚੜ੍ਹਾ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਬਲਰਾਜ ਸਿੰਘ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 279, 337, 338, 188, 269 ਅਤੇ 270 ਦੇ ਤਹਿਤ ਥਾਣਾ ਪਤਾਰਾ ਵਿਖੇ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਕਾਰ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ।