ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

Monday, Aug 24, 2020 - 11:01 AM (IST)

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

ਜਲੰਧਰ (ਚੋਪੜਾ)— ਜ਼ਿਲ੍ਹੇ 'ਚ ਲਗਾਤਾਰ ਵਧ ਰਹੇ ਕੋਵਿਡ-19 ਦੇ ਕੇਸਾਂ ਦਾ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਅਤੇ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡੀਕਲ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਲੈਵਲ-2 ਦੇ ਮਰੀਜ਼ਾਂ ਲਈ 75 ਅਤੇ ਲੈਵਲ-3 ਦੇ ਮਰੀਜ਼ਾਂ ਲਈ 70 ਹੋਰ ਜ਼ਿਆਦਾ ਬੈੱਡ ਤਿਆਰ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਬੈੱਡਾਂ ਨਾਲ ਜ਼ਿਲ੍ਹੇ 'ਚ ਲੈਵਲ-2 ਦੇ ਮਰੀਜ਼ਾਂ ਲਈ 629 ਬੈੱਡ ਅਤੇ ਲੈਵਲ-3 ਦੇ ਮਰੀਜ਼ਾਂ ਲਈ 240 ਬੈੱਡ ਮੌਜੂਦ ਹਨ।
ਉਨ੍ਹਾਂ ਨੇ ਕਿਹਾ ਕਿ ਕੁਝ ਸਿਹਤ ਸੰਸਥਾਵਾਂ ਵੱਲੋਂ ਬੈੱਡਾਂ ਦੀ ਸਮਰੱਥਾ ਨੂੰ ਵਧਾਉਣ ਤੋਂ ਇਲਾਵਾ 12 ਹੋਰ ਨਿੱਜੀ ਹਸਪਤਾਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਏ ਹਨ। ਕੋਵਿਡ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਅੱਗੇ ਆਏ ਹਸਪਤਾਲਾਂ 'ਚ ਮਾਨ ਮੈਡੀਸਿਟੀ ਹਸਪਤਾਲ, ਐਲਟਿਸ ਹਸਪਤਾਲ, ਬਾਠ ਹਸਪਤਾਲ, ਵਾਸਲ ਹਸਪਤਾਲ, ਅਪੈਕਸ ਹਸਪਤਾਲ ਅਤੇ ਘਈ ਹਸਪਤਾਲ ਵੱਲੋਂ ਸਾਂਝੇ ਤੌਰ 'ਤੇ ਲੈਵਲ-2 ਲਈ 30 ਬੈੱਡ ਅਤੇ ਲੈਵਲ-3 ਲਈ 40 ਬੈੱਡ ਮਾਨ ਮੈਡੀਸਿਟੀ ਹਸਪਤਾਲ 'ਚ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਆਸਥਾ ਨਿਊਰੋ ਸੈਂਟਰ ਵੱਲੋਂ ਲੈਵਲ-2 ਲਈ 5 ਅਤੇ ਲੈਵਲ-1 ਲਈ 1 ਬੈੱਡ ਮੁਹੱਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਸੈਂਟਰਲ ਹਸਪਤਾਲ ਨੇ ਲੈਵਲ-2 ਲਈ 4 ਅਤੇ ਏਕਮ ਹਸਪਤਾਲ ਵੱਲੋਂ ਲੈਵਲ-2 ਲਈ 3 ਬੈੱਡ ਦੇਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਵਾਸਲ ਹਸਪਤਾਲ ਵੱਲੋਂ ਲੈਵਲ-2 ਲਈ 4 ਅਤੇ ਲੈਵਲ-3 ਲਈ 2 ਬੈੱਡਾਂ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਦੋਆਬਾ ਹਸਪਤਾਲ ਵੱਲੋਂ ਲੈਵਲ-3 ਦੇ ਮਰੀਜ਼ਾਂ ਲਈ 8 ਬੈੱਡ ਰਾਖਵੇਂ ਕੀਤੇ ਗਏ ਹਨ। ਹਾਂਡਾ ਨਿਊਰੋ ਹਸਪਤਾਲ ਵੱਲੋਂ ਲੈਵਲ-2 ਲਈ 3 ਬੈੱਡ, ਨਿਪੁਨ ਨੰਦਾ ਹਸਪਤਾਲ ਵੱਲੋਂ ਲੈਵਲ-2 ਲਈ 4 ਬੈੱਡ, ਰੰਧਾਵਾ ਚਾਈਲਡ ਕੇਅਰ ਹਸਪਤਾਲ ਵੱਲੋਂ ਲੈਵਲ-2 ਲਈ 2 ਬੈੱਡ ਅਤੇ ਗੁੱਡਵਿਲ ਹਸਪਤਾਲ ਵੱਲੋਂ ਲੈਵਲ-2 ਲਈ 2 ਬੈੱਡ ਮੁਹੱਈਆ ਕਰਵਾਏ ਗਏ ਹਨ। ਪਿਮਸ ਹਸਪਤਾਲ ਨੇ ਲੈਵਲ-2 ਲਈ 14 ਬੈੱਡਾਂ ਨੂੰ ਵਧਾ ਕੇ 30 ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਕਿਡਨੀ ਹਸਪਤਾਲ ਵੱਲੋਂ ਲੈਵਲ-2 ਲਈ 2 ਹੋਰ ਬੈੱਡ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਬਲ ਮਿਸ਼ਨ ਹਸਪਤਾਲ ਵੱਲੋਂ ਲੈਵਲ-3 ਦੇ ਗੰਭੀਰ ਮਰੀਜ਼ਾਂ ਲਈ 11 ਨਵੇਂ ਬੈੱਡ ਮੁਹੱਈਆ ਕਰਵਾਉਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਇਨੋਸੈਂਟ ਹਸਪਤਾਲ ਨੇ ਵੇਦਾਂਤਾ ਹਸਪਤਾਲ ਨਾਲ ਮਿਲ ਕੇ ਲੈਵਲ-3 ਦੇ ਮਰੀਜ਼ਾਂ ਲਈ 6 ਨਵੇਂ ਬੈੱਡਾਂ ਦਾ ਪ੍ਰਬੰਧ ਕੀਤਾ ਹੈ। ਬੈੱਡਾਂ ਅਤੇ ਵੈਂਟੀਲੇਟਰਾਂ ਦੀ ਉਪਲੱਬਧਤਾ ਬਾਰੇ ਸਮੁੱਚੀ ਜਾਣਕਾਰੀ ਲਾਈਵ ਕੋਵਿਡ-19 ਡੈਸ਼ਬੋਰਡ 'ਤੇ ਉਪਲੱਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕੋਈ ਵੀ ਹੈਲਪਲਾਈਨ ਨੰਬਰ 0181-2224417 'ਤੇ ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਉਪਲੱਬਧ ਬੈੱਡਾਂ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਰੇਟ ਹੀ ਵਸੂਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵੱਲੋਂ ਲੈਵਲ-2 ਦੇ ਮਰੀਜ਼ਾਂ ਲਈ 284 ਅਤੇ ਲੈਵਲ-3 ਦੇ ਮਰੀਜ਼ਾਂ ਲਈ ਆਈ. ਸੀ. ਯੂ. 'ਚ 56 ਬੈੱਡ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਲਈ ਹੋਰ ਹਾਈਫਲੋ ਨੈਸੇਜ ਥੈਰੇਪੀ ਮਸ਼ੀਨਾਂ, ਮਲਟੀ ਪੈਰਾ-ਮਾਨੀਟਰ, ਪਲਸ ਆਕਸੀਮੀਟਰ, ਸੰਕਸ਼ਨ ਮਸ਼ੀਨਾਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਖਰੀਦਿਆ ਜਾ ਰਿਹਾ ਹੈ ਤਾਂ ਕਿ ਗੰਭੀਰ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:  ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ


author

shivani attri

Content Editor

Related News