ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, 3 ਹੋਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
Saturday, May 23, 2020 - 08:07 PM (IST)
ਜਲੰਧਰ (ਰੱਤਾ)— ਕੋਰੋਨਾ ਮਹਾਮਾਰੀ ਤੋਂ ਹੁਣ ਭਾਵੇਂ ਵਧੇਰੇ ਲੋਕ ਲਾਪਰਵਾਹ ਹੋ ਗਏ ਹਨ ਪਰ ਅਜੇ ਵੀ ਪਾਜ਼ੇਟਿਵ ਕੇਸਾਂ ਦਾ ਮਿਲਣਾ ਜਾਰੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 3 ਨਵੇਂ ਪਾਜ਼ੇਟਿਵ ਕੇਸਾਂ ਦੇ ਮਿਲਣ ਨਾਲ ਜ਼ਿਲੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 221 ਹੋ ਗਈ ਹੈ। ਇਨ੍ਹਾਂ 'ਚੋਂ 193 ਘਰ ਵਾਪਸ ਚਲੇ ਗਏ ਹਨ, ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਿਹੜੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚੋਂ ਇਕ ਸਿਵਲ ਹਸਪਤਾਲ ਦੀ 27 ਸਾਲਾ ਸਟਾਫ ਨਰਸ ਅਤੇ ਦੂਜੀ ਸ਼੍ਰੀਮਨ ਹਸਪਤਾਲ ਦੀ 22 ਸਾਲਾ ਸਟਾਫ ਮੈਂਬਰ ਹੈ, ਜਦਕਿ ਤੀਜਾ ਮਰੀਜ਼ 25 ਸਾਲ ਦਾ ਨੌਜਵਾਨ ਹੈ, ਜਿਸ ਬਾਰੇ ਸਿਹਤ ਵਿਭਾਗ ਜਾਣਕਾਰੀ ਹਾਸਲ ਕਰ ਰਿਹਾ ਹੈ।
ਸ਼੍ਰੀਮਨ ਹਸਪਤਾਲ 'ਚ ਆਪਰੇਸ਼ਨ ਕਰਵਾਉਣ ਆਈ ਇਕ ਹੋਰ ਔਰਤ ਨਿਕਲੀ ਪਾਜ਼ੇਟਿਵ ਸਥਾਨਕ ਪਠਾਨਕੋਟ ਰੋਡ 'ਤੇ ਸਥਿਤ ਸ਼੍ਰੀਮਨ ਹਸਪਤਾਲ 'ਚ ਆਪਰੇਸ਼ਨ ਕਰਵਾਉਣ ਆਈ ਫਗਵਾੜਾ ਵਾਸੀ ਔਰਤ ਕੋਰੋਨਾ ਪਾਜ਼ੇਟਿਵ ਨਿਕਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਕਤ ਔਰਤ ਹਸਪਤਾਲ 'ਚ ਆਪਰੇਸ਼ਨ ਕਰਵਾਉਣ ਆਈ ਸੀ ਤਾਂ ਡਾਕਟਰਾਂ ਨੇ ਚੌਕਸੀ ਵਜੋਂ ਉਸ ਦਾ ਕੋਰੋਨਾ ਟੈਸਟ ਕਰਵਾ ਲਿਆ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਹਸਪਤਾਲ 'ਚ ਦਾਖਲ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ।
ਕੋਰੋਨਾ ਲੱਛਣਾਂ ਵਾਲੇ ਮਰੀਜ਼ ਦਾ ਟੈਸਟ ਜ਼ਰੂਰ ਕਰਵਾਉਂਦੇ ਹਾਂ : ਹਸਪਤਾਲ ਪ੍ਰਬੰਧਕ
ਸ਼੍ਰੀਮਨ ਹਸਪਤਾਲ ਦੇ ਡਾਕਟਰ ਅਜੇ ਮਰਵਾਹਾ ਨੇ ਦੱਸਿਆ ਕਿ ਜਦੋਂ ਵੀ ਕੋਈ ਮਰੀਜ਼ ਉਨ੍ਹਾਂ ਦੇ ਹਸਪਤਾਲ 'ਚ ਇਲਾਜ ਲਈ ਆਉਂਦਾ ਹੈ ਤਾਂ ਉਸ ਦੀ ਸਕਰੀਨਿੰਗ ਕੋਰੋਨਾ ਦੇ ਮੱਦੇਨਜ਼ਰ ਜ਼ਰੂਰ ਕੀਤੀ ਜਾਂਦੀ ਹੈ ਅਤੇ ਜੇਕਰ ਉਸ ਵਿਚ ਕੋਰੋਨਾ ਦੇ ਕੋਈ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਟੈਸਟ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਬਾਅਦ 'ਚ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੇ ਹਸਪਤਾਲ 'ਚ ਆਪਰੇਸ਼ਨ ਕਰਵਾਉਣ ਆਈ ਭੋਗਪੁਰ ਵਾਸੀ ਔਰਤ ਦੀ ਰਿਪੋਰਟ ਜਦੋਂ ਪਾਜ਼ੇਟਿਵ ਆਈ ਸੀ ਤਾਂ ਉਸ ਦੇ ਸੰਪਰਕ 'ਚ ਆਏ ਸਾਰੇ ਸਟਾਫ ਮੈਂਬਰਾਂ ਅਤੇ ਡਾਕਟਰਾਂ ਨੇ ਵੀ ਆਪਣੇ ਟੈਸਟ ਕਰਵਾਏ ਸਨ ।