ਜਲੰਧਰ: ਨਾਕਿਆਂ ''ਤੇ ਖੜ੍ਹੇ ਵਾਲੰਟੀਅਰ ਪੁਲਸ ਲਈ ਬਣ ਸਕਦੇ ਨੇ ਸਿਰਦਰਦੀ

05/02/2020 6:18:18 PM

ਜਲੰਧਰ (ਕਮਲੇਸ਼)— ਕੋਰੋਨਾ ਵਾਇਰਸ ਕਾਰਨ ਲਾਏ ਲਾਕਡਾਊਨ ਦੌਰਾਨ ਜਲੰਧਰ ਪੁਲਸ ਨੇ ਕੁਝ ਵਾਲੰਟੀਅਰਾਂ ਦੀ ਭਰਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਨਾਕਿਆਂ 'ਤੇ ਖੜੇ ਹੋਣ ਦੀ ਪਰਮੀਸ਼ਨ ਦਿੱਤੀ ਸੀ ਪਰ ਇਨ੍ਹਾਂ 'ਚੋਂ ਕੁਝ ਵਲੰਟੀਅਰ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਵੀ ਬਣ ਰਹੇ ਹਨ। ਅਜਿਹੇ ਹਾਲਾਤ 'ਚ ਇਹ ਵਲੰਟੀਅਰ ਪੁਲਸ ਲਈ ਸਿਰਦਰਦੀ ਬਣ ਸਕਦੇ ਹਨ ।ਕਈ ਲੋਕਾਂ ਦਾ ਕਹਿਣਾ ਹੈ ਕਿ ਬੈਰੀਕੇਡ ਲਾ ਕੇ ਖੜ੍ਹੇ ਇਹ ਵਲੰਟੀਅਰ ਖੁਦ ਨੂੰ ਪੁਲਸ ਅਧਿਕਾਰੀ ਤੋਂ ਘੱਟ ਨਹੀਂ ਸਮਝਦੇ ਅਤੇ ਨਾਕੇ ਤੋਂ ਲੰਘਣ ਵਾਲਿਆਂ ਨਾਲ ਅਜਿਹਾ ਸਲੂਕ ਕਰਦੇ ਹਨ ਜਿਵੇਂ ਉਹ ਮੁਲਜ਼ਮ ਹੋਣ। ਕਈ ਥਾਵਾਂ ਤੋਂ ਇਹ ਵੀ ਸੂਚਨਾ ਮਿਲੀ ਹੈ ਕਿ ਨਾਕੇ 'ਤੇ ਖੜ੍ਹੇ ਵਲੰਟੀਅਰਾਂ ਨੇ ਲੋਕਾਂ ਨੂੰ ਤਲਾਸ਼ੀ ਲਈ ਵੀ ਕਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਵਲੰਟੀਅਰਾਂ ਦਾ ਰਿਕਾਰਡ ਚੈੱਕ ਕਰਕੇ ਹੀ ਭਰਤੀ ਕੀਤਾ ਗਿਆ ਹੈ ਪਰ ਉਥੇ ਹੀ ਕਈ ਨਾਕਿਆਂ 'ਤੇ ਲੋਹੇ ਦੀਆਂ ਰਾਡਾਂ ਵੀ ਵੇਖੀਆਂ ਗਈਆਂ ਹਨ। ਅਜਿਹੇ ਮੌਕੇ ਜੇਕਰ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ।

ਨਾਕੇ 'ਤੇ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਜ਼ਰੂਰੀ
ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਵਿਚ ਪੁਲਸ ਦੇ ਸਹਿਯੋਗ ਲਈ ਸ਼ਾਮਲ ਵਾਲੰਟੀਅਰਾਂ ਨਾਲ ਨਾਕੇ 'ਤੇ ਇਕ ਪੁਲਸ ਮੁਲਾਜ਼ਮ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ ਕਿਉਂਕਿ ਪੁਲਸ ਮੁਲਾਜ਼ਮ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਹਾਲਾਤਾਂ ਵਿਚ ਸਖਤੀ ਅਤੇ ਨਰਮੀ ਵਰਤਣੀ ਹੈ। ਲੋਕਾਂ ਨੇ ਤਾਂ ਇਹ ਵੀ ਦੋਸ਼ ਲਾਇਆ ਕਿ ਕਈ ਨਾਕਿਆਂ 'ਤੇ ਖੜ੍ਹੇ ਵਾਲੰਟੀਅਰ ਅਨਪੜ੍ਹ ਵੀ ਹਨ ਅਤੇ ਉਹ ਆਈ ਕਾਰਡ ਵੀ ਨਹੀਂ ਪੜ੍ਹ ਸਕਦੇ ।

PunjabKesari

ਕਈ ਨਾਕਿਆਂ 'ਤੇ ਬਦਤਮੀਜ਼ੀ ਦੇ ਮਾਮਲੇ ਆਏ ਸਾਹਮਣੇ
ਸ਼ਹਿਰ 'ਚ ਲਾਕਡਾਊਨ ਦੌਰਾਨ ਨਾਕਿਆਂ 'ਤੇ ਨੌਜਵਾਨਾਂ, ਰਾਹਗੀਰਾਂ ਨਾਲ ਬਦਤਮੀਜ਼ੀ ਅਤੇ ਬਹਿਸਬਾਜ਼ੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿਚ ਮੌਕੇ 'ਤੇ ਖੜ੍ਹੇ ਵਲੰਟੀਅਰ ਖੁਦ ਨੂੰ ਕਾਨੂੰਨ ਦੇ ਮਾਲਕ ਵਜੋਂ ਦਿਖਾਉਂਦੇ ਹੋਏ, ਉਨ੍ਹਾਂ ਲੋਕਾਂ ਨਾਲ ਵੀ ਸਵਾਲ-ਜਵਾਬ ਕਰਦੇ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਜ਼ਰੂਰੀ ਸੇਵਾਵਾਂ ਲਈ ਇਲਾਕੇ 'ਚ ਮੂਵਮੈਂਟ ਦੀ ਇਜਾਜ਼ਤ ਦਿੱਤੀ ਹੈ। ਕੋਰੋਨਾ ਵਾਇਰਸ ਦੌਰਾਨ ਅਜਿਹੇ ਯੋਧਿਆਂ ਨਾਲ ਇਹ ਵਿਵਹਾਰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਜਿਹੜੇ ਲੋਕਾਂ ਦੇ ਫਾਇਦੇ ਲਈ ਵਾਇਰਸ ਤੋਂ ਡਰ ਦੇ ਬਿਨਾਂ ਕੰਮ ਕਰ ਰਹੇ ਹਨ।

ਕਈ ਗਲੀਆਂ 'ਚ ਬਣਾਏ ਪੱਕੇ ਨਾਕੇ
ਬਹੁਤ ਸਾਰੀਆਂ ਗਲੀਆਂ ਵਿਚ ਬਣਾਏ ਪੱਕੇ ਨਾਕੇ ਕਿਸੇ ਦੀ ਵੀ ਜਾਨ ਲੈ ਸਕਦੇ ਹਨ। ਸ਼ਹਿਰ ਦੀਆਂ ਕੁਝ ਗਲੀਆਂ 'ਚ ਸਥਾਈ ਨਾਕੇ ਵੀ ਲਗਾਏ ਗਏ ਹਨ, ਅਜਿਹੀ ਸਥਿਤੀ ਵਿਚ ਜੇਕਰ ਉਕਤ ਗਲੀਆਂ ਵਿਚ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਮੈਡੀਕਲ ਐਮਰਜੰਸੀ ਦੀ ਲੋੜ ਪੈ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਉਣ ਵਿਚ ਵੀ ਦੋਰੀ ਹੋ ਸਕਦੀ ਹੈ। ਜਲੰਧਰ ਸ਼ਹਿਰ ਇਸ ਸਮੇਂ ਰੈੱਡ ਜ਼ੋਨ ਵਿਚ ਹੈ ਅਤੇ ਸਰਕਾਰ ਨੇ 17 ਮਈ ਤੱਕ ਲਾਕ ਡਾਊਨ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿਚ ਪੁਲਸ ਨੂੰ ਇਨ੍ਹਾਂ ਮਾਮਲਿਆਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸ਼ਹਿਰ ਵਾਸੀ ਸਿਰਫ ਖਾਕੀ 'ਤੇ ਭਰੋਸਾ ਕਰ ਸਕਦੇ ਹਨ।


shivani attri

Content Editor

Related News