ਕੋਰੋਨਾ ਦਾ ਕਹਿਰ : ਰਿਐਲਿਟੀ ਚੈੱਕ ''ਚ ਸਿਵਲ ਹਸਪਤਾਲਾਂ ਦੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
Friday, Mar 20, 2020 - 07:25 PM (IST)
ਜਲੰਧਰ (ਕਮਲੇਸ਼, ਚੰਦੇਲ)— ਕੋਰੋਨਾ ਵਾਇਰਸ ਕਾਰਨ ਰਿਐਲਿਟੀ ਚੈੱਕ ਨੂੰ ਲੈ ਕੇ ਜਦੋਂ ਜ਼ਿਲਾ ਜਲੰਧਰ ਦੇ ਸਿਵਲ ਹਸਪਤਾਲਾਂ ਦੀ ਰਿਐਲਿਟੀ ਚੈੱਕ ਕੀਤੀ ਗਈ ਤਾਂ ਬੜੇ ਹੀ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ। ਸਿਵਲ ਹਸਪਤਾਲਾਂ ਨੇ 20 ਲੱਖ ਦੀ ਆਬਾਦੀ ਲਈ ਸਿਰਫ 118 ਆਈਸੋਲੇਟਿਡ ਬੈੱਡਾਂ ਦਾ ਇੰਤਜ਼ਾਮ ਕੀਤਾ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਸਿਵਲ ਹਸਪਤਾਲ ਕੋਰੋਨਾ ਵਾਇਰਸ ਪ੍ਰਤੀ ਬਿਲਕੁਲ ਵੀ ਚੌਕਸ ਨਹੀਂ ਹੈ।
ਇਹ ਵੀ ਪੜ੍ਹੋ ► ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼
ਅਜਿਹੇ 'ਚ ਇਹ ਕਿਹਾ ਜਾ ਸਕਦਾ ਹੈ ਕਿ ਜਿੱਥੇ ਪੂਰਾ ਵਿਸ਼ਵ ਅਤੇ ਪੂਰਾ ਦੇਸ਼ ਇਸ ਵਾਇਰਸ ਨੂੰ ਮਾਤ ਦੇਣ ਲਈ ਜੁਟਿਆ ਹੈ, ਉਥੇ ਹੀ ਜਲੰਧਰ ਜ਼ਿਲੇ ਦਾ ਪ੍ਰਸ਼ਾਸਨ ਕੁੰਭਕਰਨੀ ਨੀਂਦ 'ਚ ਸੁੱਤਾ ਹੋਇਆ ਹੈ। ਇਹ ਆਲਮ ਉਦੋਂ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਸਥਾਨਕ ਜ਼ਿਲਾ ਪ੍ਰਸ਼ਾਸਨਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਕਮਰ ਕੱਸਣ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ
ਜਲੰਧਰ ਦੇ ਸਿਵਲ ਹਸਪਤਾਲ 'ਚ ਘੁੰਮ ਰਹੇ ਨੇ ਬਿਨਾਂ ਮਾਸਕ ਦੇ ਕਈ ਲੋਕ
ਇਸ ਰਿਐਲਿਟੀ ਚੈੱਕ 'ਚ ਜਲੰਧਰ ਦੇ ਸਿਵਲ ਹਸਪਤਾਲ ਦੇ ਅੰਦਰ ਕਈ ਲੋਕਾਂ ਨੂੰ ਬਿਨਾਂ ਮਾਸਕ ਦੇ ਘੁੰਮਦੇ ਹੋਏ ਦੇਖਿਆ ਗਿਆ। ਇਹ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਲੰਧਰ ਦਾ ਸਿਵਲ ਹਸਪਤਾਲ ਲੋਕਾਂ ਨੂੰ ਜਾਗਰੂਕ ਕਰਨ 'ਚ ਨਾਕਾਮ ਸਾਬਤ ਹੋਇਆ ਹੈ। ਸਭ ਤੋਂ ਹੈਰਾਨ ਕਰਨ ਵਾਲੇ ਅੰਕੜੇ ਕਰਤਾਰਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਏ ਹਨ, ਜਿੱਥੇ ਹਸਪਤਾਲ 'ਚ ਇਕ ਵੀ ਮਾਸਕ ਅਤੇ ਗਲਵਜ਼ ਮੌਜੂਦ ਨਹੀਂ ਹੈ। ਹਸਪਤਾਲ ਦੇ ਇਸ ਰਵੱਈਏ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ ਲੋਕਾਂ ਦੀ ਜਾਨ ਨੂੰ ਰਾਮ ਭਰੋਸੇ ਛੱਡ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਜਿਹੀ ਗੈਰ-ਜ਼ਿੰਮੇਵਾਰਾਨਾ ਹਰਕਤ 'ਤੇ ਕੀ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਪੂਰੇ ਜ਼ਿਲੇ 'ਚ ਸਿਰਫ 3 ਵੈਂਟੀਲੇਟਰ
ਜਲੰਧਰ ਜ਼ਿਲੇ 'ਚ ਸਿਰਫ ਸਿਵਲ ਹਸਪਤਾਲ ਜਲੰਧਰ 'ਚ ਹੀ 3 ਵੈਂਟੀਲੇਟਰ ਹਨ। ਜ਼ਿਲੇ ਦੇ ਬਾਕੀ ਸਿਵਲ ਹਸਪਤਾਲਾਂ 'ਚ ਵੈਂਟੀਲੇਟਰ ਹੈ ਹੀ ਨਹੀਂ। ਕੋਰੋਨਾ ਵਾਇਰਸ ਦੀ ਰਿਐਲਿਟੀ ਚੈੱਕ 'ਚ ਜ਼ਿਲਾ ਜਲੰਧਰ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ। ਜੇਕਰ ਇਹ ਮਹਾਮਾਰੀ ਤਬਾਹੀ ਮਚਾਉਂਦੀ ਹੈ ਤਾਂ ਜਲੰਧਰ ਦੇ ਸਿਵਲ ਹਸਪਤਾਲ ਆਪਣੇ ਗੋਡੇ ਟੇਕ ਦੇਣਗੇ। ਪੰਜਾਬ ਸਰਕਾਰ ਨੂੰ ਖੁਦ ਅੱਗੇ ਆ ਕੇ ਇਸ ਮਾਮਲੇ ਵਿਚ ਸਿਵਲ ਹਸਪਤਾਲਾਂ ਵਿਚ ਜ਼ਰੂਰੀ ਵਸਤਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ ► ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ
ਪੂਰੇ ਜ਼ਿਲੇ 'ਚ ਸਿਰਫ 7 ਐਂਬੂਲੈਂਸਾਂ
ਪੂਰੇ ਜ਼ਿਲੇ ਵਿਚ ਸਰਕਾਰੀ ਹਸਪਤਾਲਾਂ ਵਿਚ ਕੁਲ ਮਿਲਾ ਕੇ 7 ਐਂਬੂਲੈਂਸਾਂ ਮੌਜੂਦ ਹਨ, ਜੋ ਕਿ ਨਿਸ਼ਚਿਤ ਹੀ 20 ਲੱਖ ਦੀ ਆਬਾਦੀ ਲਈ ਘੱਟ ਹਨ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਆਪਣੇ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ 'ਤੇ ਜ਼ਿਆਦਾ ਭਰੋਸਾ ਹੈ।
ਇਹ ਵੀ ਪੜ੍ਹੋ ► ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪਤਨੀ ਨੇ ਹੀ ਰਚੀ ਸੀ ਇਹ ਘਿਨਾਉਣੀ ਸਾਜਿਸ਼