ਹੁਸ਼ਿਆਰਪੁਰ ਜ਼ਿਲ੍ਹੇ ''ਚ ਭਿਆਨਕ ਸਥਿਤੀ ''ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ
Wednesday, Aug 26, 2020 - 11:11 AM (IST)
ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਵਾਇਰਸ ਦਾ ਕਹਿਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਵਧਦਾ ਹੀ ਜਾ ਰਿਹਾ ਹੈ। ਸਿਹਤ ਮਹਿਕਮੇ ਨੂੰ ਬੀਤੇ ਦਿਨ ਪ੍ਰਾਪਤ ਹੋਈ 1439 ਸੈਂਪਲਾਂ ਦੀ ਰਿਪੋਰਟ 'ਚ 61 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 20 ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਿਆਂ ਬਹਾਦੁਰਪੁਰ, ਹਰੀ ਨਗਰ, ਸੰਤ ਫਰੀਦ ਨਗਰ, ਸਕੀਮ ਨੰਬਰ 1, ਮਿਲਾਪ ਨਗਰ, ਗੌਤਮ ਨਗਰ, ਬੀ. ਐੱਸ. ਐੱਨ. ਐੱਲ. ਕਾਲੋਨੀ, ਪਿੱਪਲਾਂਵਾਲਾ, ਭਗਵਾਨ ਦਾਸ ਰੋਡ ਅਤੇ ਅਨਮੋਲ ਨਗਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦਸੂਹਾ ਤੋਂ 6, ਟਾਂਡਾ ਤੋਂ 5, ਹਾਜੀਪੁਰ, ਮੁਸਤਾਪੁਰ ਅਤੇ ਗੜ੍ਹਸ਼ੰਕਰ ਨਾਲ 4-4, ਮੁਕੇਰੀਆਂ ਅਤੇ ਭੂੰਗਾ ਤੋਂ 2-2 ਅਤੇ 14 ਮਰੀਜ਼ ਜ਼ਿਲੇ ਦੇ ਹੋਰ ਬਲਾਕਾਂ ਨਾਲ ਸਬੰਧਤ ਹਨ। ਇਸਦੇ ਨਾਲ ਹੀ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1145 ਹੋ ਗਈ ਹੈ।
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ
ਸਿਵਲ ਸਰਜਨ ਡਾ. ਜਸਬੀਰ ਸਿੰਘ ਅਨੁਸਾਰ ਕੋਰੋਨਾ ਪੀੜਤ 2 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਇਨ੍ਹਾਂ 'ਚੋਂ ਇਕ 61 ਸਾਲਾ ਵਿਅਕਤੀ ਬਲਾਕ ਪਾਲਦੀ ਨਾਲ ਸਬੰਧਤ ਹੈ ਅਤੇ ਉਹ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਸੀ। ਜਦਕਿ ਦੂਜਾ ਵਿਅਕਤੀ 80 ਸਾਲਾ ਪਿੰਡ ਮੁੱਗੋਵਾਲ ਦਾ ਵਾਸੀ ਸੀ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਦਾਖ਼ਲ ਸੀ। ਇਨ੍ਹਾਂ ਦੋਹਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਦੇ ਨਾਲ ਜ਼ਿਲ੍ਹੇ 'ਚ ਮ੍ਰਿਤਕਾਂ ਦੀ ਗਿਣਤੀ 32 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਹੁਣ ਤੱਕ ਲਏ ਗਏ 52,498 ਨਮੂਨਿਆਂ 'ਚੋਂ 48,117 ਦੀ ਰਿਪੋਰਟ ਨੈਗੇਟਿਵ ਆਈ ਹੈ। ਮਹਿਕਮੇ ਨੂੰ 3253 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 891 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਸਰਗਮ ਕੇਸਾਂ ਦੀ ਗਿਣਤੀ 224 ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕ ਸਰਕਾਰੀ ਸਿਹਤ ਕੇਂਦਰਾਂ ਤੋਂ ਹੀ ਆਪਣੇ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਰਕਾਰ ਵੱਲੋਂ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ।
ਜਾਣੋ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3464 ਲੁਧਿਆਣਾ 9026, ਜਲੰਧਰ 5573, ਮੋਹਾਲੀ 'ਚ 2951, ਪਟਿਆਲਾ 'ਚ 5232, ਹੁਸ਼ਿਆਰਪੁਰ 'ਚ 1145, ਤਰਨਾਰਨ 693, ਪਠਾਨਕੋਟ 'ਚ 983, ਮਾਨਸਾ 'ਚ 436, ਕਪੂਰਥਲਾ 992, ਫਰੀਦਕੋਟ 891, ਸੰਗਰੂਰ 'ਚ 2005, ਨਵਾਂਸ਼ਹਿਰ 'ਚ 619, ਰੂਪਨਗਰ 725, ਫਿਰੋਜ਼ਪੁਰ 'ਚ 1656, ਬਠਿੰਡਾ 1912, ਗੁਰਦਾਸਪੁਰ 1672, ਫਤਿਹਗੜ੍ਹ ਸਾਹਿਬ 'ਚ 937, ਬਰਨਾਲਾ 915, ਫਾਜ਼ਿਲਕਾ 717, ਮੋਗਾ 1259, ਮੁਕਤਸਰ ਸਾਹਿਬ 698 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1195 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 29400 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।