ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਟਾਂਡਾ ਪੁਲਸ ਨੇ ਗਸ਼ਤ ਵਧਾਈ
Sunday, May 10, 2020 - 07:28 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕ ਹਿੱਤ ਲਈ ਲਾਏ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਟਾਂਡਾ ਪੁਲਸ ਨੇ ਪੁਲਸ ਮੁਖੀ ਅਤੇ ਡੀ. ਐੱਸ. ਪੀ . ਟਾਂਡਾ ਦੇ ਦਿਸ਼ਾ-ਨਿਰਦੇਸ਼ ਅਧੀਨ ਇਲਾਕੇ 'ਚ ਗਸ਼ਤ 'ਚ ਵਾਧਾ ਕੀਤਾ ਹੈ। ਇਹ ਜਾਣਕਾਰੀ ਥਾਣਾ ਮੁਖੀ ਇੰਸਪੈਕਟਰ ਹਾਰਗੁਰਦੇਵ ਸਿੰਘ ਨੇ ਬਿਆਸ ਦਰਿਆ ਪੁਲ ਅਤੇ ਦੂਜੇ ਜ਼ਿਲੇ ਲਈ ਕੀਤੀ ਨਾਕਾਬੰਦੀ ਦੀ ਚੈਕਿੰਗ ਕਰਦੇ ਦਿੱਤੀ।
ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਚੋਲਾਂਗ ਟੋਲ ਪਲਾਜ਼ਾ ਅਤੇ ਹੋਰ ਸਥਾਨਾਂ 'ਤੇ ਕੀਤੀ ਨਾਕਾਬੰਦੀ ਦੀ ਲਗਾਤਾਰ ਚੈੱਕਿੰਗ ਕੀਤੀ ਜਾ ਰਹੀ ਹੈ। ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਵੱਖ-ਵੱਖ ਟੀਮਾਂ ਇਲਾਕੇ ਦੀਆਂ ਵੱਖ-ਵੱਖ ਸੜਕਾਂ, ਬਾਜ਼ਾਰਾਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ 'ਚ ਵੀ ਪੈਟਰੋਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਵੀ ਕਰਫਿਊ ਦੀ ਪਾਲਣਾ 'ਚ ਪੁਲਸ ਦਾ ਸਹਿਯੋਗ ਦੇਣ ਦੀ ਪ੍ਰੇਰਨਾ ਦਿੱਤੀ ਅਤੇ ਸਰਕਾਰੀ ਹਦਾਇਤਾਂ ਮੁਤਾਬਕ ਕਰਫਿਊ ਵਿੱਚ ਦਿੱਤੀ ਜਾਣ ਵਾਲੀ ਖੁੱਲ੍ਹ ਦੌਰਾਨ ਹੀ ਨਿਯਮਾਂ ਮੁਤਾਬਕ ਅਤੇ ਨਿਰਦੇਸ਼ਾਂ ਦਾ ਪਾਲਣ ਕਰਕੇ ਬਾਹਰ ਨਿਕਲਿਆ ਜਾਵੇ ਅਤੇ ਦੁਕਾਨਦਾਰ ਵੀ ਨਿਰਦੇਸ਼ਾਂ ਮੁਤਾਬਕ ਹੀ ਆਪਣੀਆਂ ਦੁਕਾਨਾਂ ਖੋਲ੍ਹਣ। ਇਸ ਦੌਰਾਨ ਅੱਜ ਟਾਂਡਾ 'ਚ ਦੁਕਾਨਦਾਰਾਂ ਅਤੇ ਲੋਕਾਂ ਨੇ ਕਰਫਿਊ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ।