ਗੁਰਦਾਸਪੁਰ 'ਚ 'ਕੋਰੋਨਾ' ਦਾ ਕਹਿਰ ਜਾਰੀ, 16 ਹੋਰ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

Friday, May 08, 2020 - 11:34 AM (IST)

ਗੁਰਦਾਸਪੁਰ (ਹਰਮਨ,ਵਿਨੋਦ)— ਜ਼ਿਲਾ ਗੁਰਦਾਸਪੁਰ 'ਚ ਕੋਰੋਨਾ ਪੀੜ੍ਹਤਾਂ ਦਾ ਗ੍ਰਾਫ ਨੀਵਾਂ ਹੋਣ ਦੀ ਬਜਾਏ ਦਿਨੋ-ਦਿਨ ਹੋਰ ਵੱਧ ਰਿਹਾ ਹੈ। ਹੁਣ ਗੁਰਦਾਸਪੁਰ 'ਚੋਂ ਕੁੱਲ 16 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਬੀਤੀ ਸ਼ਾਮ 4 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ 16 ਹੋਰ ਲੋਕਾਂ ਦੀ ਰਿਪੋਰਟ ਪਾਈ ਗਈ ਸੀ। ਇਕੱਠੇ 20 ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਕਾਰਨ ਗੁਰਦਾਸਪੁਰ 'ਚ ਕੁੱਲ ਗਿਣਤੀ 109 ਤੱਕ ਪਹੁੰਚ ਗਈ ਹੈ।

ਹੁਣ ਤੱਕ ਸਾਹਮਣੇ ਆਏ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹੀ ਹਨ ਅਤੇ ਕਿਸੇ ਵੀ ਮਰੀਜ਼ ਨੂੰ ਅਜੇ ਤੱਕ ਇਸ ਵਾਇਰਸ ਨਾਲ ਕੋਈ ਵੀ ਸਰੀਰਕ ਸਮੱਸਿਆ ਸਾਹਮਣੇ ਨਹੀਂ ਆਈ। ਬੇਸ਼ਕ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਣ ਕਈ ਲੋਕਾਂ ਅੰਦਰ ਖੌਫ ਵੀ ਵੱਧਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਰਫਿਊ 'ਚ ਦਿੱਤੀ ਗਈ ਢਿੱਲ ਕਾਰਨ ਹੁਣ ਬਜ਼ਾਰਾਂ 'ਚ ਵੀ ਲੋਕਾਂ ਦਾ ਆਮਦ ਪਹਿਲਾਂ ਦੇ ਮੁਕਾਬਲੇ ਵਧਣੀ ਸ਼ੁਰੂ ਹੋ ਗਈ ਹੈ।

1626 ਮਰੀਜ਼ਾਂ ਦੀ ਕਰਵਾਈ ਜਾ ਚੁੱਕੀ ਹੈ ਜਾਂਚ
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 1626 ਸ਼ੱਕੀ ਮਰੀਜ਼ਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ, ਜਿਨਾਂ 'ਚੋਂ 1208 ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ ਕਈ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 109 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ 'ਚੋਂ ਬਹੁ-ਗਿਣਤੀ ਮਰੀਜ਼ ਸ਼ਰਧਾਲੂ ਹਨ ਜੋ ਪਹਿਲਾਂ ਹੀ ਆਈਸੋਲੇਟ ਕੀਤੇ ਹੋਏ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਇਕ ਹੋਰ ਮਰੀਜ਼ ਦੀ ਮੌਤ, ਪਾਜ਼ੇਟਿਵ ਕੇਸਾਂ ਦਾ ਅੰਕੜਾ 90 ਤੱਕ ਪੁੱਜਾ

ਬਜ਼ਾਰ ਖੁੱਲ੍ਹਣ ਨਾਲ ਘਰੋਂ 'ਚੋਂ ਨਿਕਲਣ ਲੱਗੇ ਲੋਕ
ਸਰਕਾਰ ਵੱਲੋਂ ਬੀਤੇ ਦਿਨ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਕੀਤੇ ਵਾਧੇ ਕਾਰਨ ਹੁਣ ਲੋਕਾਂ ਨੇ ਘਰਾਂ 'ਚੋਂ ਨਿਕਲਣਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਪਹਿਲਾਂ ਦੇ ਮੁਕਾਬਲੇ ਹੁਣ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਵਧਣੀ ਸ਼ੁਰੂ ਹੋ ਗਈ ਹੈ। ਬੇਸ਼ੱਕ ਪੁਲਸ ਨੇ ਅਜੇ ਵੀ ਵੱਖ-ਵੱਖ ਨਾਕਿਆਂ 'ਤੇ ਸਖਤ ਨਾਕਾਬੰਦੀ ਕੀਤੀ ਹੋਈ ਹੈ। ਪਰ ਜਿਸ ਢੰਗ ਨਾਲ ਪ੍ਰਸ਼ਾਸਨ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਇਆ ਹੈ। ਉਸ ਤਹਿਤ ਲੋਕ ਕੋਈ ਨਾ ਕੋਈ ਬਹਾਨਾ ਬਣਾ ਕੇ ਅਤੇ ਜਾਂ ਫਿਰ ਪਾਸ ਦਿਖਾ ਕੇ ਆਉਣ ਜਾਣ ਲੱਗ ਪਏ ਹਨ। ਇਸ ਕਾਰਣ ਲੋਕਾਂ 'ਚ ਇਹ ਚਰਚਾ ਛਿੜੀ ਹੋਈ ਹੈ ਕਿ ਜਦੋਂ ਜ਼ਿਲੇ 'ਚ ਇਸ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਜ਼ੀਰੋ ਸੀ ਤਾਂ ਉਸ ਮੌਕੇ ਤਾਂ ਪ੍ਰਸ਼ਾਸਨ ਨੇ ਬੇਹੱਦ ਜ਼ਿਆਦਾ ਸਖ਼ਤੀ ਕੀਤੀ ਹੋਈ ਸੀ ਪਰ ਹੁਣ ਜਦੋਂ ਇਸ ਜ਼ਿਲੇ 'ਚ ਹੀ ਮਰੀਜ਼ਾਂ ਦੀ ਗਿਣਤੀ 100 ਦੇ ਕਰੀਬ ਪਹੁੰਚਣ ਵਾਲੀ ਹੈ ਤਾਂ ਕਰਫਿਊ ਵਿਚ ਲਗਾਤਾਰ ਦਿੱਤੀ ਜਾ ਰਹੀ ਢਿੱਲ ਉਨ੍ਹਾਂ ਦੀ ਸਮਝ ਤੋਂਂ ਬਾਹਰ ਹੈ। ਕਈ ਲੋਕ ਇਹ ਦਾਅਵਾ ਵੀ ਕਰ ਰਹੇ ਹਨ ਕਿ ਹੁਣ ਸਰਕਾਰ ਲਈ ਹੋਰ ਜ਼ਿਆਦਾ ਦਿਨ ਲੋਕਾਂ ਨੂੰ ਘਰਾਂ ਵਿਚ ਬੰਦ ਰੱਖ ਸਕਣਾ ਅਸੰਭਵ ਹੈ ਕਿਉਂਕਿ ਪਹਿਲਾਂ ਹੀ ਕਰੀਬ 40 ਸਾਰੇ ਕਾਰੋਬਾਰ ਬੰਦ ਰਹਿਣ ਕਾਰਣ ਲੋਕ ਤਰਾਹ-ਤਰਾਹ ਕਰ ਰਹੇ ਹਨ।

ਢਿੱਲ ਦਾ ਗਲਤ ਫਾਇਦਾ ਨਾ ਚੁੱਕਣ ਲੋਕ : ਐੱਸ. ਡੀ. ਐੱਮ.
ਗੁਰਦਾਸਪੁਰ ਦੇ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਕੇ ਹੀ ਢਿੱਲ ਦਿੱਤੀ ਗਈ ਹੈ ਪਰ ਹੁਣ ਲੋਕਾਂ ਨੂੰ ਇਸ ਢਿੱਲ ਦਾ ਗਲਤ ਫਾਇਦਾ ਨਹੀਂ ਉਠਾਉਣਾ ਚਾਹੀਦਾ ਹੈ ਤੇ ਬਿਨਾਂ ਜ਼ਰੂਰੀ ਕੰਮ ਤੋਂ ਘਰੋ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ਾਰਾਂ 'ਚ ਭੀੜ ਇਕੱਠੀ ਨਾ ਕੀਤੀ ਜਾਵੇ। ਇਕ-ਦੂਸਰੇ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਮੂੰਹ 'ਤੇ ਮਾਸਕ ਜ਼ਰੂਰ ਪਾਇਆ ਜਾਵੇ ਅਤੇ ਲੋਕ ਵਾਰ-ਵਾਰ ਆਪਣੇ 20 ਸੈਕਿੰਡ ਤੱਕ ਸਾਬੁਣ ਨਾਲ ਧੋਣ ਦੀ ਕੋਸ਼ਿਸ਼ ਕਰਨ। ਜਿਥੇ ਜ਼ਿਲੇ ਦੇ ਹੋਰ ਲੋਕਾਂ ਦੀਆਂ ਸਹੂਲਤਾਂ ਲਈ ਪ੍ਰਬੰਧ ਕੀਤੇ ਗਏ ਹਨ, ਉਸ ਦੇ ਨਾਲ ਹੀ ਇਕਾਂਤਵਾਸ ਕੀਤੇ ਗਏ ਲੋਕਾਂ ਲਈ ਵੀ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਏ।

ਇਹ ਵੀ ਪੜ੍ਹੋ:  ਇਸ ਬਜ਼ੁਰਗ ਜੋੜੇ ਦੀ 'ਗੋਲਡਨ ਜੁਬਲੀ' 'ਤੇ ਪੁਲਸ ਨੇ ਸੰਜੋਏ ਯਾਦਗਾਰੀ ਪਲ (ਤਸਵੀਰਾਂ)


shivani attri

Content Editor

Related News