ਪੰਜਾਬ ਵਿਚ ਵਧਿਆ ਕੋਰੋਨਾ ਦਾ ਕਹਿਰ, ਇਕੋ ਦਿਨ ''ਚ ਅੱਠ ਨਵੇਂ ਕੇਸ ਆਏ ਸਾਹਮਣੇ
Saturday, Apr 04, 2020 - 07:49 PM (IST)
ਚੰਡੀਗੜ੍ਹ/ਅੰਮ੍ਰਿਤਸਰ (ਦਲਜੀਤ ਸ਼ਰਮਾ) : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਇਕੋ ਦਿਨ (ਸ਼ਨੀਵਾਰ) ਨੂੰ ਕੋਰੋਨਾ ਵਾਇਰਸ ਦੇ ਅੱਠ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿਚ ਚਾਰ ਕੇਸ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਦੇ ਸੰਪਰਕ ਵਿਚ ਆਉਣ ਵਾਲੇ ਹਨ। ਭਾਈ ਨਿਰਮਲ ਸਿੰਘ ਦੀ ਬੇਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਉਹ ਜਲੰਧਰ ਵਿਚ ਜੇਰੇ ਇਲਾਜ ਹੈ। ਇਸ ਤੋਂ ਇਲਾਵਾ ਇਕ ਕੇਸ ਫਰੀਦਕੋਟ ਦਾ, ਇਕ ਪਠਾਨਕੋਟ ਦਾ ਜਦਕਿ ਦੋ ਕੇਸ ਮੋਹਾਲੀ ਦੇ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ।
ਇਹ ਵੀ ਪੜ੍ਹੋ : ਮੁਕਤਸਰ ''ਚ ਤਬਲੀਗੀ ਜਮਾਤ ਦੇ 15 ਵਿਅਕਤੀਆਂ ਨੂੰ ਹਸਪਤਾਲ ''ਚ ਕੀਤਾ ਗਿਆ ਆਈਸੋਲੇਟ
ਪਠਾਨਕੋਟ-ਫਰੀਦਕੋਟ ਦਾ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਸੁਜਾਨਪੁਰ ਦੀ ਰਾਜ ਰਾਣੀ (75) ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਹੈ, ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਹਾਲ ਉਕਤ ਮਹਿਲਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡੀ. ਸੀ. ਪਠਾਨਕੋਟ ਵਲੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਪੰਜਾਬ 'ਚ ਹੁਣ ਤਕ ਕੋਰੋਨਾ ਦੇ 65 ਮਰੀਜ਼ ਆਏ ਸਾਹਮਣੇ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਰੋਕਣ ਲਈ ਜਿੱਥੇ ਪੂਰਾ ਭਾਰਤ 21 ਦਿਨਾਂ ਲਈ ਲਾਕ ਡਾਊਨ ਹੈ, ਉਥੇ ਹੀ ਪੰਜਾਬ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 65 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਸ ਨਾਲ 5 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ 59000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪੀੜਤ ਹਨ। ਭਾਰਤ ਵਿਚ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 2547 ਤਕ ਪੁੱਜ ਗਈ ਹੈ ਅਤੇ ਹੁਣ ਤਕ 62 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 150 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ''ਚ ਡਾ. ਐੱਸ. ਪੀ. ਸਿੰਘ ਓਬਰਾਏ ਦਾ ਪੰਜਾਬ ਲਈ ਵੱਡਾ ਐਲਾਨ