ਕੋਰੋਨਾ : ਪੰਜਾਬ ਦੇ ਦਫਤਰਾਂ ''ਚ 50 ਤੋਂ ਜ਼ਿਆਦਾ ਲੋਕ ਇਕੱਠੇ ਹੋਣ ''ਤੇ ਪਾਬੰਦੀ
Wednesday, Mar 18, 2020 - 10:37 AM (IST)
ਚੰਡੀਗੜ੍ਹ (ਰਮਨਜੀਤ) : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਤਹਿਲਕਾ ਮਚਿਆ ਹੋਇਆ ਹੈ। ਇਹ ਵਾਇਰਸ ਹੌਲੀ-ਹੌਲੀ ਭਾਰਤ 'ਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਵੀ ਇਹਤਿਆਤ ਵਜੋਂ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰੀ ਦਫਤਰਾਂ 'ਚ ਕੰਮ ਦਾ ਸੰਚਾਲਨ ਇਸ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ 50 ਤੋਂ ਜ਼ਿਆਦਾ ਵਿਅਕਤੀ ਇਕ ਥਾਂ 'ਤੇ ਇਕੱਠੇ ਨਾ ਹੋਣ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਾਪਿੰਗ ਕੰਪਲੈਕਸ, ਸਿਨੇਮਾ ਘਰ, ਜਿੰਮ, ਸਕੂਲ ਅਤੇ ਅਦਾਲਤਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਜੇਕਰ ਹੋ ਜਾਵੇ ਕੋਰੋਨਾ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ?
ਵਿਦਿਆਰਥੀਆਂ ਵੱਲ ਕੋਈ ਧਿਆਨ ਨਹੀਂ
ਇੱਥੇ ਇਹ ਦੱਸਣਯੋਗ ਹੈ ਕਿ ਜਿੱਥੇ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉੱਥੇ ਹੀ ਪੰਜਾਬ 'ਚ ਲੱਖਾਂ ਬੱਚੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਦੇ ਰਹੇ ਹਨ ਅਤੇ ਇਕ-ਇਕ ਸੈਂਟਰ 'ਚ 250-250 ਬੱਚਿਆਂ ਨੂੰ ਇਕੱਠੇ ਬਿਠਾਇਆ ਜਾ ਰਿਹਾ ਹੈ, ਹਾਲਾਂਕਿ ਮੰਤਰੀ ਸਮੂਹ ਵਲੋਂ ਸਕੂਲ ਸਿੱਖਿਆ ਵਿਭਾਗ ਅਤੇ ਨਿਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਪ੍ਰੀਖਿਆਵਾਂ ਕਰਵਾਉਣ ਦੀ ਸਖਤ ਲੋੜ ਹੈ ਤਾਂ ਉਹ ਸੰਸਥਾਵਾਂ ਅਤੇ ਸਕੂਲ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ ਪਰ ਇਸ ਦੇ ਬਾਵਜੂਦ ਵੀ ਇਮਤਿਹਾਨ ਜਾਰੀ ਹਨ।
ਇਹ ਵੀ ਪੜ੍ਹੋ : ਮੰਤਲੀ ਮੰਡਲ ਦੀ ਐਡਵਾਈਜ਼ਰੀ : ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ
'ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ' ਵਲੋਂ ਰੋਸ ਰੈਲੀ ਮੁਲਤਵੀ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਰਕਾਰ ਵਲੋਂ ਲਾਗੂ ਨਾ ਕਰਨ ਬਾਰੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਐਸੋਸੀਏਸ਼ਨ ਵਲੋਂ 22 ਮਾਰਚ ਨੂੰ ਚੰਡੀਗੜ੍ਹ 'ਚ ਸੂਬਾ ਪੱਧਰੀ ਰੋਸ ਰੈਲੀ ਰੱਖੀ ਗਈ ਸੀ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨਿਰਮਲ ਸੈਣੀ ਅਤੇ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਾਲਾਤ ਆਮ ਹੋਣ ਤੋਂ ਬਾਅਦ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਰੈਲੀ ਦੀ ਨਵੀਂ ਤਰੀਕ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਕੋਵਿਡ-19 ਪਿੱਛੋਂ ਗੰਭੀਰ ਆਰਥਿਕ ਮੰਦੀ ਆਉਣ ਦੀ ਚਿਤਾਵਨੀ'