ਪੰਜਾਬ 'ਚ 'ਕੋਰੋਨਾ ਵਾਇਰਸ' ਦਾ ਕੋਈ ਕੇਸ ਨਹੀਂ, ਵਿਭਾਗ ਪੂਰੀ ਤਰ੍ਹਾਂ ਚੌਕੰਨਾ

Tuesday, Mar 03, 2020 - 03:57 PM (IST)

ਪੰਜਾਬ 'ਚ 'ਕੋਰੋਨਾ ਵਾਇਰਸ' ਦਾ ਕੋਈ ਕੇਸ ਨਹੀਂ, ਵਿਭਾਗ ਪੂਰੀ ਤਰ੍ਹਾਂ ਚੌਕੰਨਾ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਉਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਦਿਆਂ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 5 ਮਰੀਜ਼ ਹੀ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ ਦਿੱਲੀ, ਦੂਜਾ ਤੇਲੰਗਾਨਾ ਅਤੇ ਤਿੰਨ ਮਰੀਜ਼ ਕੇਰਲਾ ਦੇ ਹਨ, ਜਦੋਂ ਕਿ ਪੰਜਾਬ ਦਾ ਕੋਈ ਮਰੀਜ਼ ਨਹੀਂ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਹੁਣ ਤੱਕ 89 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 80 ਹਜ਼ਾਰ ਕੇਸ ਤਾਂ ਇਕੱਲੇ ਚਾਈਨਾ 'ਚ ਹਨ ਅਤੇ ਬਾਕੀ ਦੁਨੀਆ ਦੇ ਹੋਰਨਾਂ ਮੁਲਕਾਂ 'ਚ। ਉਨ੍ਹਾਂ ਦੱਸਿਆ ਕਿ ਹੁਣ ਵਿਸ਼ਵ ਭਰ 'ਚ 65 ਮੁਲਕਾਂ 'ਚ ਕੋਰੋਨਾ ਵਾਇਰਸ ਦਾ ਪ੍ਰਭਾਵ ਹੈ, ਜਿਨ੍ਹਾਂ 'ਚੋਂ ਭਾਰਤ ਵੀ ਇੱਕ ਹੈ। ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਖਾਸ ਕਰਕੇ ਜਦੋਂ ਵੀ ਬਾਹਰੋਂ ਲੋਕ ਟ੍ਰੈਵਲ ਕਰਕੇ ਆਉਂਦੇ ਹਨ ਤਾਂ ਉਨ੍ਹਾਂ 'ਤੇ ਖਾਸ ਨਜ਼ਰ ਰੱਖੀ ਜਾਂਦੀ ਹੈ।

ਫਿਲਹਾਲ ਇਸ ਸਬੰਧੀ ਖਾਸ ਹਦਾਇਤਾਂ ਜਾਰੀ ਕਰਦਿਆਂ ਸਿਵਲ ਸਰਜਨ ਨੇ ਲੋਕਾਂ ਨੂੰ ਕਿਹਾ ਕਿ ਉਹ ਹੱਥ ਮਿਲਾਉਣ ਦੀ ਥਾਂ ਸਤਿ ਸ੍ਰੀ ਅਕਾਲ ਜਾਂ ਨਮਸਤੇ ਹੀ ਕਹਿਣ ਅਤੇ ਵਾਰ-ਵਾਰ ਆਪਣੇ ਹੱਥ ਧੋਣ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਖਾਂਸੀ-ਜ਼ੁਕਾਮ ਹੈ ਤਾਂ ਉਸ ਤੋਂ ਇਕ ਮੀਟਰ ਦੀ ਦੂਰੀ ਬਣਾਈ ਰੱਖਣ।


author

Babita

Content Editor

Related News