ਕੋਰੋਨਾ ਵਾਇਰਸ : ਪੰਜਾਬ ''ਚ ਹੁਣ ਤੱਕ 1804 ਯਾਤਰੀਆਂ ਦੀ ਹੋਈ ਸਕਰੀਨਿੰਗ

Saturday, Feb 01, 2020 - 12:39 PM (IST)

ਚੰਡੀਗੜ੍ਹ (ਰਮਨਜੀਤ) : ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਅਤੇ ਨਾਲ-ਨਾਲ ਅਟਾਰੀ ਅਤੇ ਡੇਰਾ ਬਾਬਾ ਨਾਨਕ ਦੀਆਂ ਸਰਹੱਦੀ ਜਾਂਚ ਚੌਕੀਆਂ ਵਿਖੇ ਨੋਵਲ ਕੋਰੋਨਾ ਵਾਇਰਸ (2019 ਐੱਨ.ਸੀ.ਓ.ਵੀ.) ਦੀ ਜਾਂਚ ਲਈ ਹੁਣ ਤੱਕ ਕੁੱਲ 1804 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰੈੱਸ ਬਿਆਨ ਰਾਹੀਂ ਦਿੱਤੀ। ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਕੋਰੋਨਾ ਵਾਇਰਸ ਦਾ ਕੋਈ ਸੰਕੇਤਕ ਜਾਂ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ।
ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਅੱਜ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ 15 ਜਨਵਰੀ, 2020 ਤੋਂ ਬਾਅਦ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਕਰੀਨਿੰਗ ਅਤੇ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਾਰੇ ਜ਼ਿਲਿਆਂ ਨੂੰ ਇਹ ਦਿਸ਼ਾ-ਨਿਰਦੇਸ਼ ਅਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 15 ਜਨਵਰੀ, 2020 ਤੋਂ ਬਾਅਦ ਚੀਨ ਤੋਂ ਪੰਜਾਬ ਆਉਣ ਵਾਲੇ ਸਾਰੇ ਯਾਤਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਦੇ ਨਮੂਨੇ ਲਏ ਜਾ ਰਹੇ ਹਨ ਅਤੇ ਕੁੱਲ 23 ਨਮੂਨੇ ਜਾਂਚ ਲਈ ਐੱਨ. ਆਈ. ਵੀ. ਪੁਣੇ ਵਿਖੇ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚੀਨ ਦੀ ਯਾਤਰਾ ਕਰਨ ਵਾਲੇ ਕੁੱਲ 33 ਯਾਤਰੀ ਹਨ, ਜਿਨ੍ਹਾਂ ਵਿਚੋਂ ਸੱਕੀ ਮਰੀਜ਼ਾਂ ਦੇ 2 ਨਮੂਨੇ ਟੈਸਟ ਦੌਰਾਨ ਨਕਾਰਾਤਮਕ ਪਾਏ ਗਏ ਅਤੇ ਨਿਗਰਾਨੀ ਹੇਠ ਰੱਖੇ 8 ਯਾਤਰੀਆਂ ਨੇ 14 ਦਿਨਾਂ ਦੀ ਸਮਾਂ-ਸੀਮਾ ਨੂੰ ਪੂਰਾ ਕੀਤਾ ਹੈ ਅਤੇ ਬਾਕੀ 23 ਯਾਤਰੀ ਸਿਹਤ ਵਿਭਾਗ ਦੀ ਨਿਰੰਤਰ ਨਿਗਰਾਨੀ ਹੇਠ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਾਰੇ ਨਮੂਨਿਆਂ ਦੀ ਜਾਂਚ ਲਈ ਐੱਨ.ਆਈ.ਵੀ. ਪੁਣੇ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਨਤੀਜੇ ਆਉਣ ਤੱਕ ਇਨ੍ਹਾਂ ਵਿਅਕਤੀਆਂ ਨੂੰ ਘਰਾਂ 'ਚ ਵੱਖਰੇ ਤੌਰ 'ਤੇ ਇਕਾਂਤ 'ਚ ਰੱਖਿਆ ਗਿਆ ਹੈ।


Babita

Content Editor

Related News