ਕੋਰੋਨਾ ਵਾਇਰਸ ਦੀਆਂ ਅਫਵਾਹਾਂ ਨੇ ਪੋਲਟਰੀ ਕਾਰੋਬਾਰ ਦੇ ਉਡਾਏ ‘ਕੁੱਕੜ’

Sunday, Mar 22, 2020 - 01:28 PM (IST)

ਕੋਰੋਨਾ ਵਾਇਰਸ ਦੀਆਂ ਅਫਵਾਹਾਂ ਨੇ ਪੋਲਟਰੀ ਕਾਰੋਬਾਰ ਦੇ ਉਡਾਏ ‘ਕੁੱਕੜ’

ਲੁਧਿਆਣਾ (ਸਰਬਜੀਤ ਸਿੱਧੂ) - ਕੋਰੋਨਾ ਦੇ ਡਰ ਤੋਂ ਸਹਿਮੇ ਲੋਕ ਅਤੇ ਮੀਟ-ਅੰਡੇ ਤੋਂ ਕੋਰੋਨਾ ਫੈਲਣ ਦੀਆਂ ਫੈਲ ਰਹੀਆਂ ਅਫਵਾਹਾਂ ਨੇ ਪੰਜਾਬ ਵਿਚ ਪੋਲਟਰੀ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ। ਪੋਲਟਰੀ ਕਾਰੋਬਾਰ ਨਾਲ ਜੁੜੇ ਉਦਮੀਆਂ ਅਨੁਸਾਰ ਕੋਰੋਨਾ ਵਾਇਰਸ ਨਾਲ ਸਬੰਧਤ ਅਫਵਾਹਾਂ ਕਾਰਨ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਦੀ ਕਗਾਰ ’ਤੇ ਪੁੱਜ ਗਏ ਹਨ। ‘ਜਗ ਬਾਣੀ’ ਨਾਲ ਗੱਲ ਕਰਦਿਆਂ ਪੋਲਟਰੀ ਫਾਰਮਰਜ਼ ਵੈੱਲਫੇਅਰ ਫੈੱਡਰੇਸ਼ਨ, ਭਾਰਤ ਦੇ ਸੈਕਟਰੀ ਅਤੇ ਇੰਡੀਪੈਂਡੈਟ ਪੋਲਟਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੰਜੇ ਸ਼ਰਮਾ ਨੇ ਕਿਹਾ ਕਿ ਪੰਜਾਬ ਹਰ ਮਹੀਨੇ ਲੱਗਭਗ 1.5 ਕਰੋੜ ਪੋਲਟਰੀ ਪੰਛੀਆਂ ਦਾ ਉਤਪਾਦਨ ਕਰਦਾ ਹੈ ਅਤੇ ਇਸਨੂੰ ਲੱਗਭਗ 100 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ ਪਰ ਹਾਲੀਆ ਦਿਨਾਂ ’ਚ 150 ਕਰੋੜ ਦੇ ਉਤਪਾਦ ਦੀ ਵਿਕਰੀ ਸਿਰਫ 10 ਫੀਸਦੀ ਰਹਿ ਗਈ ਹੈ। ਇਸ ਕਾਰਨ ਪੋਲਟਰੀ ਕਾਰੋਬਾਰੀ ਦਿਨੋਂ ਦਿਨ ਕਰਜਾਈ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਕੱਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਪੋਲਟਰੀ ਕਾਰੋਬਾਰੀਆਂ ਨੂੰ ਇਸ ਸੰਕਟ ’ਚੋਂ ਕੱਢਣ ਲਈ ਮੀਟਿੰਗ ਵੀ ਕੀਤੀ। ਕਾਰੋਬਾਰੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਲਟਰੀ ਮੀਟ ਦੀ ਵਿਕਰੀ ਹੁਣ 90 ਫ਼ੀਸਦੀ ਘਟ ਗਈ ਹੈ। ਸੱਤਰ ਰੁਪਏ ਪ੍ਰਤੀ ਕਿਲੋ ਦੀ ਲਾਗਤ ਨਾਲ ਤਿਆਰ ਮੀਟ ਦੀ ਵਿੱਕਰੀ ਹੁਣ ਨਾਂਹ ਦੇ ਬਰਾਬਰ ਰਹਿ ਗਈ ਹੈ।

ਕੋਰੋਨਾ ਵਾਇਰਸ ਦਾ ਡਰ : ਨਾਨਵੈੱਜ ਦੇ ਸ਼ੌਕੀਨਾਂ ਨੇ ਕੀਤੀ ਚਿਕਨ ਤੋਂ ਤੌਬਾ

ਕੋਰੋਨਾ ਵਾਇਰਸ ਨੇ ਤੋੜਿਆ ਪੋਲਟਰੀ ਉਦਯੋਗ ਦਾ ਲੱਕ, ਮੂਧੇ ਮੂੰਹ ਡਿੱਗੇ ਅੰਡਿਆਂ ਤੇ ਮੁਰਗਿਆਂ ਦੇ ਰੇਟ

ਪੋਲਟਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸਦੀ ਵਿੱਕਰੀ 1 ਮਾਰਚ ਤੋਂ ਬਾਅਦ ਜ਼ਿਆਦਾ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਫਰਬਰੀ ਵਿਚ 50 ਜਾਂ 60 ਰੁਪਏ ਪ੍ਰਤੀ ਕਿਲੋ ਪੋਲਟਰੀ ਮੀਟ ਵਿਕ ਜਾਂਦਾ ਸੀ ਜਿਹੜੇ ਉਤਪਾਦਨ ਦੀ ਵਿੱਕਰੀ ਪਹਿਲਾਂ 3 ਦਿਨਾਂ ਵਿਚ ਹੋ ਜਾਂਦੀ ਸੀ ਹੁਣ ਉਸ ਲਈ ਲੱਗਭਗ ਇਕ ਮਹੀਨਾ ਲੱਗਦਾ ਹੈ। ਕਾਰੋਬਾਰੀ ਜਸਵਿੰਦਰ ਸਿੰਘ ਪਿੰਡ ਚਕੋਈ ਨੇ ਅੰਡਿਆਂ ਦੇ ਸਬੰਧ ਵਿਚ ਗੱਲ ਕਰਦਿਆਂ ਕਿਹਾ ਕਿ ਇਕ ਅੰਡੇ ਦੇ ਉਤਪਾਦਨ ਦੀ ਲਾਗਤ 4 ਰੁਪਏ ਹੈ ਅਤੇ ਹੁਣ ਉਹ 1.60 ਰੁਪਏ ਵਿਕ ਰਿਹਾ ਹੈ। ਲੁਧਿਆਣੇ ਦੇ ਵੱਡੇ ਪੋਲਟਰੀ ਕਾਰੋਬਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਟਸਐਪ ਦੀਆਂ ਅਫਵਾਹਾਂ ਕਰ ਕੇ ਪੋਲਟਰੀ ਦੀ ਵਿੱਕਰੀ ਘਟੀ ਹੈ। ਇਸ ਨਾਲ ਆਰਥਿਕ ਤੌਰ ’ਤੇ ਬਹੁਤ ਸੰਕਟ ਵਿਚ ਹਾਂ, ਹੋ ਸਕਦਾ ਹੈ ਕਿ ਸਾਨੂੰ ਕੰਮ ਬੰਦ ਕਰਨਾ ਪਵੇ ਤਾਂ ਮਜ਼ਦੂਰਾਂ ਦੀ ਛੁੱਟੀ ਕਰਨੀ ਪਵੇਗੀ, ਜਿਸ ਨਾਲ ਉਨ੍ਹਾਂ ਦਾ ਜੀਵਨ ਵੀ ਖਤਰੇ ’ਚ ਹੈ। ਇਸ ਬਾਰੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਦਾ ਕਹਿਣਾ ਹੈ ਕਿ ਪਿਛਲੇ ਲੱਗਭਗ ਦੋ ਮਹੀਨਿਆਂ ਤੋਂ ਕੋਰੋਨਾ ਵਾਇਰਸ ਕਰ ਕੇ ਪੋਲਟਰੀ ਮੀਟ ਅਤੇ ਆਂਡਿਆਂ ਦੇ ਕਾਰੋਬਾਰ ’ਤੇ ਬਹੁਤ ਮਾੜਾ ਅਸਰ ਪਿਆ ਹੈ।

ਪੋਲਟਰੀ ਉਦਯੋਗ ਨੂੰ ਭਾਰੀ ਨੁਕਸਾਨ, 10 ਕਰੋੜ ਲੋਕਾਂ ਦੇ ਰੋਜ਼ਗਾਰ ਪ੍ਰਭਾਵਿਤ

ਪੋਲਟਰੀ ਨੂੰ ਕੋਰੋਨਾ ਵਾਇਰਸ ਦੇ ਵਾਧੇ ਨਾਲ ਜੋੜਨ ਸੰਬੰਧੀ ਅਫਵਾਹਾਂ ਨੇ ਇੱਕ ਡਰ ਅਤੇ ਭੈਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿਸ ਨਾਲ ਪੋਲਟਰੀ ਮੰਗ ’ਤੇ 50 ਫੀਸਦੀ ਤੋਂ ਵਧੇਰੇ ਘਾਟੇ ਦਾ ਅਸਰ ਪੈ ਰਿਹਾ ਹੈ। ਇਸ ਕਾਰਨ ਬਹੁਤਿਆਂ ਦੇ ਕਾਰੋਬਾਰ ਠੱਪ ਵੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਖਪਤਕਾਰਾਂ ਵੱਲੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾ ਕਰਨ ਕਰ ਕੇ ਉਨ੍ਹਾਂ ਦੀ ਸਿਹਤ ਦੀਆਂ ਪੋਸ਼ਟਿਕ ਲੋੜਾਂ ’ਤੇ ਵੀ ਬੁਰਾ ਪ੍ਰਭਾਵ ਪਵੇਗਾ। ਕੋਰੋਨਾ ਵਾਇਰਸ ਦਾ ਪੋਲਟਰੀ ਉਤਪਾਦਾਂ ਦੀ ਵਰਤੋਂ ਨਾਲ ਕੋਈ ਮਾੜਾ ਅਸਰ ਨਹੀਂ ਹੈ, ਸਗੋਂ ਇਹ ਮਨੁੱਖ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ।

ਉਪ ਕੁਲਪਤੀ ਨੇ ਕਿਹਾ ਕਿ ਲੋਕਾਂ ਨੂੰ ਮੀਟ ਤੇ ਅੰਡੇ ਨਾਲ ਜੁੜੀਆਂ ਅਫਵਾਹਾਂ ਨੂੰ ਦਰਕਿਨਾਰ ਕਰਨਾ ਚਾਹੀਦਾ ਹੈ। ਹੁਣ ਤੱਕ ਹੋਈਆ ਖੋਜਾਂ ਤੋਂ ਅਜਿਹਾ ਕੋਈ ਲੱਛਣ ਨਹੀਂ ਮਿਲਿਆ ਜਿਸ ਤੋਂ ਅੰਡੇ ਮੀਟ ਦਾ ਸਬੰਧ ਮਹਾਮਾਰੀ ਨਾਲ ਜੋੜਿਆ ਜਾ ਸਕੇ। ਪੂਰਨ ਤੌਰ ’ਤੇ ਪਕਾਏ ਪੋਲਟਰੀ ਉਤਪਾਦ ਸੁਰੱਖਿਅਤ ਹਨ ਜੋ ਕਿ ਸਾਡੀ ਸਿਹਤ ਲਈ ਲਾਹੇਵੰਦ ਹਨ ਅਤੇ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ। ਭੋਜਨ ਸੁਰੱਖਿਆ ਸਬੰਧੀ ਭਾਰਤੀ ਸੰਸਥਾ ਅਤੇ ਵਿਸ਼ਵ ਸਿਹਤ ਸੰਸਥਾ ਨੇ ਵੀ ਕਿਹਾ ਹੈ ਕਿ ਭੋਜਨ ਰਾਹੀਂ ਕੋਰੋਨਾ ਨਹੀਂ ਫੈਲਦਾ। ਇਸ ਲਈ ਲੋਕਾਂ ਨੂੰ ਅਫਵਾਹਾਂ ਤੋਂ ਬਚ ਕੇ ਸਾਫ ਸੁਥਰੀ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾ ਕੇ ਇਸ ਬੀਮਾਰੀ ਤੋਂ ਬਚਣਾ ਚਾਹੀਦਾ ਹੈ।


author

rajwinder kaur

Content Editor

Related News