ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ ''ਚ, ਰਿਪੋਰਟ ਆਈ ਪਾਜ਼ੇਟਿਵ

05/05/2020 8:04:08 PM

ਗੁਰਦਾਸਪੁਰ (ਗੁਰਪ੍ਰੀਤ, ਬੇਰੀ, ਵੈੱਬ ਡੈਸਕ) : ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਗੈਂਗਸਟਰ ਜੱਗੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦਰਅਸਲ ਜੱਗੂ ਭਗਵਾਨਪੁਰੀਆ ਇਸ ਸਮੇਂ ਪਟਿਆਲਾ ਜੇਲ ਵਿਚ ਬੰਦ ਹੈ ਅਤੇ ਉਸ ਨੂੰ 2 ਮਈ ਨੂੰ ਢਿਲਵਾਂ ਸਰਪੰਚ ਕਤਲ ਕਾਂਡ ਮਾਮਲੇ ਵਿਚ ਪਟਿਆਲਾ ਜੇਲ ਤੋਂ ਬਟਾਲਾ ਪੁਲਸ ਲੈ ਕੇ ਆਈ ਸੀ। ਇਸ ਦੌਰਾਨ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। 

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ',  39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ 

ਦਰਅਸਲ ਅੱਜ ਜ਼ਿਲਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦਾ ਵੱਡਾ 'ਧਮਾਕਾ' ਹੋਇਆ। ਇਥੇ 42 ਹੋਰ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਆਏ, ਇਨ੍ਹਾਂ ਵਿਚੋਂ ਹੀ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਬਕਾਇਦਾ ਸਿਵਲ ਸਰਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਵਲੋਂ ਕੀਤੀ ਗਈ ਹੈ। ਜ਼ਿਲਾ ਗੁਰਦਾਸਪੁਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 77 ਹੋ ਗਈ ਹੈ ਜਦਕਿ ਇਕ ਮਰੀਜ਼ ਦੀ ਪਹਿਲਾਂ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : Breaking : ਸੰਗਰੂਰ 'ਚ 'ਕੋਰੋਨਾ' ਦਾ ਕਹਿਰ ਜਾਰੀ, 22 ਨਵੇਂ ਮਾਮਲੇ ਆਏ ਸਾਹਮਣੇ 

ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹੁਣ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਅਤੇ ਦੇਸ਼ ਵਿਚ ਜ਼ਿਆਦਾਤਰ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ ਤਾਂ ਅਜਿਹੇ ਵਿਚ ਜੱਗੂ ਨੂੰ ਜੇਲ ਤੋਂ ਬਾਹਰ ਕਿਉਂ ਲਿਆਂਦਾ ਗਿਆ। ਜੱਗੂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਟਿਆਲਾ ਜੇਲ ਪ੍ਰਸ਼ਾਸਨ ਲਈ ਵੀ ਖਤਰੇ ਘੰਟੀ ਵੱਜ ਗਈ ਹੈ। ਇਸ ਤੋਂ ਇਲਾਵਾ ਜੱਗੂ ਨੂੰ ਪੇਸ਼ੀ 'ਤੇ ਲੈ ਕੇ ਆਉਣ ਵਾਲੇ ਪੁਲਸ ਮੁਲਾਜ਼ਮਾਂ ਅਤੇ ਉਸ ਦੇ ਸੰਪਰਕ ਵਿਚ ਆਏ ਹੋਰਾਂ 'ਤੇ ਵੀ ਕੋਰੋਨਾ ਦਾ ਸਾਇਆ ਆ ਪਿਆ ਹੈ। 

ਇਸ ਸਬੰਧੀ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਮਾਸੀ ਨਰਿੰਦਰ ਕੌਰ ਨੇ ਐੱਸ. ਐੱਸ. ਪੀ. ਦਫਤਰ ਦੇ ਬਾਹਰ ਰੋਸ ਪ੍ਰਗਟਾਉਂਦੇ ਹੋਏ ਦੱਸਿਆ ਕਿ ਜਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਕੋਰੋਨਾ ਪਾਜ਼ੇਟਿਵ ਆ ਗਿਆ ਹੈ ਤਾਂ ਉਹ ਤੁਰੰਤ ਇਥੇ ਪਹੁੰਚੇ। ਉਨ੍ਹਾਂ ਕਿਹਾ ਕਿ ਉਸਦੇ ਪੁੱਤਰ ਨੂੰ ਪੁਲਸ ਨੇ ਜਾਣਬੁਝ ਕੇ ਕੋਰੋਨਾ ਕਰਵਾਇਆ ਹੈ, ਜਦਕਿ ਹੋਰ ਉਸਦੇ ਨਾਲ ਜੇਲ ਤੋਂ ਆਏ ਪੁਲਸ ਮੁਲਾਜ਼ਮਾਂ ਵਿਚੋਂ ਕਿਸੇ ਨੂੰ ਵੀ ਕੋਰੋਨਾ ਪਾਜ਼ੇਟਿਵ ਨਹੀਂ ਹੈ। ਉਸਨੇ ਸ਼ੱਕ ਪ੍ਰਗਟ ਕਰਦੇ ਕਿਹਾ ਕਿ ਇਹ ਸਭ ਪੁਲਸ ਨੇ ਜੱਗੂ ਨੂੰ ਮਾਰਨ ਦੀ ਨੀਅਤ ਨਾਲ ਕੀਤਾ ਹੈ। ਜੇਕਰ ਪੁਲਸ ਨੇ ਪੁੱਤਰ ਨੂੰ ਮਿਲਣ ਨਾ ਦਿੱਤਾ ਅਤੇ ਉਸਦਾ ਹਸਪਤਾਲ ’ਚ ਸਹੀ ਢੰਗ ਨਾਲ ਇਲਾਜ ਨਾ ਕਰਵਾਇਆ ਤਾਂ ਉਹ ਭੁੱਖੀ ਪਿਆਸੀ ਐੱਸ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਦੇਵੇਗੀ। ਖ਼ਬਰ ਲਿਖੇ ਜਾਣ ਤੱਕ ਹਰਜੀਤ ਕੌਰ ਐੱਸ. ਐੱਸ. ਪੀ. ਦਫਤਰ ਦੇ ਬਾਹਰ ਰੋਸ ਜਾਹਿਰ ਕਰ ਰਹੀ ਸੀ।

ਇਹ ਵੀ ਪੜ੍ਹੋ : 'ਪੰਜਾਬ' ਨੂੰ ਛੱਡਣ ਵਾਲੇ ਮਜ਼ਦੂਰਾਂ ਦੀ ਗਿਣਤੀ 8 ਲੱਖ ਤੋਂ ਪਾਰ, ਡਾਹਢੀ ਪਰੇਸ਼ਾਨ ਸਰਕਾਰ   


Gurminder Singh

Content Editor

Related News