ਹੁਣ 'ਮੋਹਾਲੀ' ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ
Friday, Mar 20, 2020 - 12:03 PM (IST)
ਮੋਹਾਲੀ (ਰਾਣਾ) : ਬੀਤ ਦਿਨ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਤੋਂ ਬਾਅਦ ਅੱਜ ਮੋਹਾਲੀ 'ਚ ਵੀ ਇਸ ਦਾ ਇਕ ਮਾਮਲਾ ਸਾਹਮਣੇ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਕੀਤੀ ਗਈ ਹੈ। ਉਕਤ ਔਰਤ ਥੋੜ੍ਹੇ ਦਿਨ ਪਹਿਲਾਂ ਹੀ ਯੂ. ਐੱਸ. ਏ. ਤੋਂ ਵਾਪਸ ਪਰਤੀ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਮੋਹਾਲੀ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਪੀੜਤ ਔਰਤ ਦੇ ਫੇਜ਼-3 ਸਥਿਤ ਘਰ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਪੰਜਾਬ 'ਚ 'ਕੋਰੋਨਾ' ਦੇ 3 ਕੇਸ, ਇਕ ਦੀ ਮੌਤ
ਮੋਹਾਲੀ 'ਚ ਕੋਰੋਨਾ ਵਾਇਰਸ ਦੇ ਕੇਸ ਦੀ ਪੁਸ਼ਟੀ ਹੋਣ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ। ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥੀ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ, ਜਿਸ ਤੋਂ ਬਾਅਦ ਬੀਮਾਰ ਹੋਣ 'ਤੇ ਉਸ ਨੂੰ ਬੰਗਾ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜਾ ਮਾਮਲਾ ਅੰਮ੍ਰਿਤਸਰ ਦਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ, ਜਿੱਥੇ ਦੂਜੀ ਵਾਰ ਉਸ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ
ਕੈਪਟਨ ਦੀ ਲੋਕਾਂ ਨੂੰ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਾਂ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਦੇ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣ, ਸਗੋਂ ਸਿਰਫ ਸੁਣਨ 'ਤੇ ਵਿਸ਼ਵਾਸ ਨਾ ਕਰਨ ਅਤੇ ਇਸ ਤੋਂ ਬਚਾਅ ਲਈ ਦੱਸੀਆਂ ਗਈਆਂ ਜ਼ਰੂਰੀ ਗੱਲਾਂ 'ਤੇ ਧਿਆਨ ਦੇਣ।
ਇਹ ਵੀ ਪੜ੍ਹੋ : ਮੋਹਾਲੀ ਦੀ ਕੰਪਨੀ 'ਚ 3 ਦਿਨ ਤੱਕ ਜਾਂਦੀ ਰਹੀ ਚੰਡੀਗੜ੍ਹ ਦੀ ਕੋਰੋਨਾ ਪੀੜਤਾ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ 24 ਘੰਟੇ ਕੰਮ ਕਰ ਰਹੀ ਹੈ ਪਰ ਅਸੀਂ ਇਸ ਖਿਲਾਫ ਤਾਂ ਹੀ ਜਿੱਤ ਸਕਾਂਗੇ, ਜੇਕਰ ਤੁਸੀਂ ਵੀ ਸਾਡਾ ਸਾਥ ਦਿਓਗੇ ਅਤੇ ਕੋਰੋਨਾ ਬਾਰੇ ਦੱਸੀਆਂ ਜ਼ਰੂਰੀ ਗੱਲਾਂ 'ਤੇ ਅਮਲ ਕਰੋਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ