ਰਾਸ਼ਣ ਨਹੀਂ ਤਾਂ ਲੋਕ ਆਪਣੇ ਪਿੰਡ ਜਾਂ ਸ਼ਹਿਰ ਦੇ ਅਕਾਲੀ ਦਲ ਮੋਹਤਵਾਰ ਨਾਲ ਕਰਨ ਸੰਪਰਕ : ਬੀਬੀ ਜਗੀਰ ਕੌਰ
Monday, Apr 06, 2020 - 08:02 PM (IST)
ਬੇਗੋਵਾਲ,(ਰਜਿੰਦਰ) : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਵਾਇਰਸ ਸੰਬੰਧੀ ਲੱਗੇ ਕਰਫਿਊ ਦੌਰਾਨ ਗਰੀਬ ਲੋਕਾਂ ਦੀ ਮਦਦ ਕਰਨ ਵਾਲੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ, ਸਰਪੰਚ, ਨਗਰ ਕੌਂਸਲ ਪ੍ਰਧਾਨ ਤੇ ਹੋਰ ਮੋਹਤਬਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਅਪੀਲ ਕਰਦਿਆਂ ਕਿ ਉਹ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਣਾ ਚਾਹੀਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹਲਕਾ ਭੁਲੱਥ 'ਚ ਅਕਾਲੀ ਦਲ ਦੇ ਮੋਹਤਬਰ ਵਿਅਕਤੀਆਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਦੇ ਮੋਬਾਇਲ ਨੰਬਰ ਵੀ ਜਾਰੀ ਕੀਤੇ ਗਏ ਹਨ, ਜੋ ਕਿ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਜੇਕਰ ਕਰਫਿਊ ਦੌਰਾਨ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਰਾਸ਼ਣ ਜਾਂ ਦਵਾਈ ਆਦਿ ਨਹੀਂ ਮਿਲਦੀ ਹੈ ਤਾਂ ਉਹ ਤੁਰੰਤ ਆਪਣੇ ਪਿੰਡ ਜਾਂ ਸ਼ਹਿਰ ਦੇ ਮੋਹਤਬਰ ਵਿਅਕਤੀ ਨਾਲ ਸੰਪਰਕ ਕਰੇ। ਜਗੀਰ ਕੌਰ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸਾਰੇ ਆਪਣੇ ਘਰ 'ਚ ਰਹਿਣ, ਕੋਈ ਵੀ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਕਿਉਂਕਿ ਘਰਾਂ ਵਿਚ ਰਹਿ ਕੇ ਹੀ ਅਸੀਂ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਾਅ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਲੋਕ ਪਾਲਣਾ ਕਰਨ ਤੇ ਘਰਾਂ ਵਿਚ ਰਹਿ ਕੇ ਆਪੋ-ਆਪਣੇ ਧਰਮ ਮੁਤਾਬਕ ਨਾਮ ਸਿਮਰਨ ਕਰਨ, ਜਿਸ ਨਾਲ ਹੀ ਅਸੀਂ ਇਸ ਸੰਕਟ ਦੀ ਘੜੀ 'ਚੋਂ ਬਾਹਰ ਆ ਸਕਦੇ ਹਾਂ।