ਕੋਰੋਨਾ ਵਾਇਰਸ : ਵਿਦੇਸ਼ ਤੋਂ ਪੰਜਾਬ ਪੁੱਜੇ ''335 ਲੋਕ'' ਲਾਪਤਾ, ਪੁਲਸ ਵਲੋਂ ਵੱਡੇ ਪੱਧਰ ''ਤੇ ਛਾਪੇਮਾਰੀ

Saturday, Mar 14, 2020 - 06:24 PM (IST)

ਚੰਡੀਗੜ੍ਹ : ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਦੌਰਾਨ ਪੰਜਾਬ 'ਚ ਵਿਦੇਸ਼ਾਂ ਤੋਂ ਪਰਤੇ 335 ਵਿਅਕਤੀ ਲਾਪਤਾ ਪਾਏ ਗਏ ਹਨ। ਇਨ੍ਹਾਂ ਵਿਅਕਤੀਆਂ ਨੂੰ ਲੱਭਣ ਲਈ ਪੰਜਾਬ ਪੁਲਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤੋਂ ਬਾਅਦ ਪੁਲਸ ਦੀ ਨੀਂਦ ਉੱਡ ਗਈ ਹੈ। ਇਸ ਸਬੰਧੀ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਕੇਂਦਰ ਸਰਕਾਰ ਹੁਣ ਆਪਣੇ ਪੱਧਰ 'ਤੇ ਉਕਤ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ 'ਚ ਲੱਗੀ ਹੋਈ ਹੈ।

PunjabKesari
ਪੰਜਾਬ ਸਰਕਾਰ ਨੂੰ ਰੋਜ਼ਾਨਾ ਸੂਚੀ ਭੇਜ ਰਿਹੈ ਕੇਂਦਰ
ਜਾਣਕਾਰੀ ਮੁਤਾਬਕ ਵਿਦੇਸ਼ ਯਾਤਰਾ ਕਰਨ ਵਾਲੇ ਸਾਰੇ ਪੰਜਾਬੀਆਂ ਦੀ ਸੂਚੀ ਰੋਜ਼ਾਨਾ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਅਤੇ ਉਨ੍ਹਾਂ ਲੋਕਾਂ ਦੇ ਸਾਰੇ ਟੈਸਟ ਕਰਨ ਦੇ ਨਾਲ ਹੀ ਉਨ੍ਹ੍ਹਾਂ ਨੂੰ ਅਗਲੇ 14 ਦਿਨਾਂ ਤੱਕ ਨਿਗਰਾਨੀ 'ਚ ਵੀ ਰੱਖਿਆ ਜਾ ਰਿਹਾ ਹੈ। ਇਨ੍ਹਾਂ ਸ਼ੱਕੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਹਸਪਤਾਲ ਜਾਂ ਫਿਰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਹੈ। ਹੁਣ ਤੱਕ 6692 ਪੰਜਾਬੀਆਂ ਨੇ ਉਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਹੈ, ਜਿਨ੍ਹਾਂ 'ਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਵਰ੍ਹਾਉਂਦੇ ਹੋਏ ਮਹਾਂਮਾਰੀ ਫੈਲਾਈ ਹੋਈ ਹੈ। 6692 ਪੰਜਾਬੀਆਂ 'ਚੋਂ 6011 ਪੰਜਾਬੀਆਂ ਨੂੰ ਸਰਕਾਰ ਵਲੋਂ ਲੱਭਦੇ ਹੋਏ ਇਲਾਜ ਅਤੇ ਉਨ੍ਹਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ 'ਚੋਂ 3711 ਇਹੋ ਜਿਹੇ ਪੰਜਾਬੀ ਹਨ, ਜਿਨ੍ਹਾਂ ਵਲੋਂ 28 ਦਿਨ ਦਾ ਸਮਾਂ ਯਾਤਰਾ ਤੋਂ ਬਾਅਦ ਮੁਕੰਮਲ ਕਰ ਲਿਆ ਗਿਆ ਹੈ ਅਤੇ ਉਹ ਹੁਣ ਠੀਕ ਹਨ ਪਰ 688 ਵਿਅਕਤੀਆਂ ਨੂੰ ਪੰਜਾਬ ਸਰਕਾਰ ਲੱਭਣ 'ਚ ਪਹਿਲਾਂ ਕਾਮਯਾਬ ਨਹੀਂ ਹੋਈ ਸੀ, ਹੁਣ 353 ਪੰਜਾਬੀਆਂ ਨੂੰ ਲੱਭਣ 'ਚ ਜ਼ਿਲਾ ਪੁਲਸ ਤੇ ਅਧਿਕਾਰੀਆਂ ਵਲੋਂ ਜਾਣਕਾਰੀ ਪ੍ਰਾਪਤ ਹੋ ਗਈ ਹੈ ਪਰ ਇਸ 'ਚ ਹੁਣ ਵੀ 335 ਇਹੋ ਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਤੇ ਪੁਲਸ ਸਣੇ ਜ਼ਿਲਾ ਪ੍ਰਸ਼ਾਸਨ ਹੁਣ ਤੱਕ ਲੱਭ ਹੀ ਨਹੀਂ ਸਕਿਆ, ਜਿਸ ਕਾਰਨ ਸਰਕਾਰ ਨੂੰ ਇਹ ਜਾਣਕਾਰੀ ਹੀ ਨਹੀਂ ਹੈ ਕਿ ਇਹ 335 ਵਿਅਕਤੀ ਠੀਕ ਵੀ ਹਨ ਜਾਂ ਫਿਰ ਨਹੀਂ। ਇਨ੍ਹਾਂ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਸਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਪੁਲਸ ਵਲੋਂ ਉਨ੍ਹਾਂ ਦੇ ਪਾਸਪੋਰਟ 'ਤੇ ਦਿੱਤੇ ਗਏ ਪਤੇ ਅਨੁਸਾਰ ਛਾਪੇਮਾਰੀ ਕਰਦੇ ਹੋਏ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਨੇ ਮਾਯੂਸੀ 'ਚ ਬਦਲੀ ਪੰਜਾਬ ਦੇ ਮੰਤਰੀਆਂ ਦੀ ਖੁਸ਼ੀ ਕਿਉਂਕਿ...

ਲਾਪਤਾ ਲੋਕਾਂ ਦੀ ਗਿਣਤੀ 'ਚ 25 ਫੀਸਦੀ ਵਾਧਾ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ 'ਚ ਵਿਦੇਸ਼ੋਂ ਪਰਤੇ ਲਾਪਤਾ ਵਿਅਕਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੀਤੇ ਦਿਨ 11 ਮਾਰਚ ਤੱਕ ਲਾਪਤਾ ਲੋਕਾਂ ਦੀ ਗਿਣਤੀ 278 ਸੀ, ਜਿਹੜੀ ਕਿ 13 ਮਾਰਚ ਤੱਕ 335 ਤੱਕ ਪੁੱਜ ਗਈ ਹੈ। ਇਨ੍ਹਾਂ ਦੀ ਘਿਣਤੀ 'ਚ 25 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਵਿਦੇਸ਼ੀ ਫਲਾਂ ਤੋਂ ਲੋਕਾਂ ਦਾ ਟੁੱਟਿਆ ਮੋਹ
ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਫਲਾਂ ਦੇ ਕਾਰੋਬਾਰ 'ਤੇ ਵੀ ਪੈਣ ਲੱਗਾ ਹੈ। ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ੀ ਫਲਾਂ ਦਾ ਕਰੇਜ਼ ਜਿੱਥੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ, ਉੱਥੇ ਹੀ ਹੁਣ ਕੋਰੋਨਾ ਦੀ ਦਹਿਸ਼ਤ ਕਾਰਨ ਲੋਕਾਂ ਦਾ ਇਨ੍ਹਾਂ ਫਲਾਂ ਪ੍ਰਤੀ ਮੋਹ ਟੁੱਟ ਗਿਆ ਹੈ। ਹਾਲਾਤ ਇਹ ਹਨ ਕਿ ਚੀਨ ਤੋਂ ਫਲਾਂ ਦੀ ਦਰਾਮਦ ਪਿਛਲੇ ਕੁਝ ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ, ਜਦੋਂ ਕਿ ਬਾਕੀ ਵਿਦੇਸ਼ੀ ਫਲਾਂ ਦੀ ਮੰਗ 'ਚ ਵੀ ਗਿਰਾਵਟ ਆਈ ਹੈ। ਕਾਰੋਬਾਰੀਆਂ ਕੋਲ ਚੀਨ ਦੇ ਫਲਾਂ ਦਾ ਪੁਰਾਣਾ ਸਟਾਕ ਹੈ, ਜੋ ਕੋਲਡ ਸਟੋਰਾਂ 'ਚ ਭਰਿਆ ਪਿਆ ਹੈ ਪਰ ਹੁਣ ਉਨ੍ਹਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ।


Babita

Content Editor

Related News