ਕੋਰੋਨਾ ਵਾਇਰਸ ਨੂੰ ਹਲਕੇ ''ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼

04/07/2020 6:51:57 PM

ਅੰਮ੍ਰਿਤਸਰ (ਦਲਜੀਤ) : ਭਾਰਤ ਸਰਕਾਰ ਦੀ ਚਿਤਾਵਨੀ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਸੁਚੇਤ ਹੋ ਜਾਣ। ਅੰਮ੍ਰਿਤਸਰ 'ਚ ਆਮ ਲੋਕਾਂ ਤੋਂ ਕੋਰੋਨਾ ਪਾਜ਼ੇਟਿਵ ਦੇ 3 ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਲੋਕਾਂ ਦੀ ਕੋਈ ਵੀ ਵਿਦੇਸ਼ੀ ਹਿਸਟਰੀ ਨਹੀਂ ਹੈ। ਪੰਜਾਬ ਸਰਕਾਰ ਨੂੰ ਕਮਿਊਨਿਟੀ ਤੋਂ ਆਏ ਇਨ੍ਹਾਂ ਕੇਸਾਂ ਨੂੰ ਲੈ ਕੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ। ਲੋਕਾਂ ਨੇ ਜੇਕਰ ਸਰਕਾਰਾਂ ਦੀਆਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਕਮਿਊਨਿਟੀ ਤੋਂ ਇਹ ਮਹਾਮਾਰੀ ਹਰ ਘਰ ਤੱਕ ਫੈਲਣ 'ਚ ਦੇਰ ਨਹੀਂ ਲੱਗੇਗੀ।

ਇਹ ਵੀ ਪੜ੍ਹੋ : ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ : ਇਕੋ ਪਰਿਵਾਰ ਦੇ 3 ਮੈਂਬਰ ਪਾਜ਼ੇਟਿਵ, 19 ਪੁੱਜਾ ਅੰਕੜਾ    

ਵਰਣਨਯੋਗ ਹੈ ਕਿ ਅਮਰਕੋਟ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਦਰਜੀ ਅਤੇ ਉਸ ਦੀ ਪਤਨੀ ਦੀ ਕੋਈ ਵੀ ਵਿਦੇਸ਼ੀ ਹਿਸਟਰੀ ਨਹੀਂ ਹੈ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ 'ਚ ਦਾਖਲ ਚਾਟੀਵਿੰਡ ਦੇ ਵਿਅਕਤੀ ਦੀ ਵੀ ਅਜਿਹੀ ਕੋਈ ਹਿਸਟਰੀ ਨਹੀਂ ਹੈ। ਕਮਿਊਨਿਟੀ ਤੋਂ ਆਏ ਕੋਰੋਨਾ ਪਾਜ਼ੇਟਿਵ ਇਨ੍ਹਾਂ ਕੇਸਾਂ ਨੂੰ ਵੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'      

ਭਾਈ ਖਾਲਸਾ ਤੋਂ ਵੀ ਵੱਧ ਰਹੀ ਹੈ ਚੇਨ
ਸਵ. ਭਾਈ ਨਿਰਮਲ ਸਿੰਘ ਖਾਲਸਾ ਤੋਂ ਵੀ ਜ਼ਿਲੇ 'ਚ ਕੋਰੋਨਾ ਵਾਇਰਸ ਦੀ ਚੇਨ ਵਧਦੀ ਜਾ ਰਹੀ ਹੈ। ਪਿਛਲੇ ਦੋ ਦਿਨਾਂ 'ਚ ਹੀ ਜੀ. ਐੱਨ. ਡੀ. ਐੱਚ. ਦੀ ਆਈਸੋਲੇਸ਼ਨ ਵਾਰਡ 'ਚ ਕਰੀਬ 6 ਮਰੀਜ਼ ਦਾਖਲ ਹੋ ਚੁੱਕੇ ਹਨ। ਇਹ ਚੇਨ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹੀ ਸ਼ੁਰੂ ਹੋਈ ਹੈ। ਅਜੇ ਤੱਕ ਉਨ੍ਹਾਂ ਦੀ ਚਾਚੀ ਪਾਜ਼ੇਟਿਵ ਹੈ ਅਤੇ ਉਨ੍ਹਾਂ ਦੇ ਹਾਰਮੋਨੀਅਮ ਵਾਦਕ ਸਮੇਤ ਪਤਨੀ, ਪੁੱਤਰ ਅਤੇ ਪੋਤਾ ਵੀ ਕੋਰੋਨਾ ਦੀ ਲਪੇਟ 'ਚ ਹਨ। ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਇਸ ਚੇਨ ਨੂੰ ਰੋਕਣਾ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਕਾਫ਼ੀ ਵੱਡੀ ਚੁਣੌਤੀ ਹੈ। ਉਥੇ ਹੀ ਸ਼ਹਿਰ 'ਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਬਾਅਦ ਵੀ ਲੋਕ ਮੰਨ ਨਹੀਂ ਰਹੇ ਹਨ। ਉਹ ਘਰਾਂ ਤੋਂ ਨਿਕਲ ਰਹੇ ਹਨ। ਇਸ ਚੇਨ ਨੂੰ ਤੋੜਨ ਲਈ ਲੋਕਾਂ ਦੇ ਘਰ 'ਚ ਹੀ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ

ਕਮਿਊਨਿਟੀ ਦੇ ਸਾਹਮਣੇ ਆਉਣ ਦੇ ਬਾਅਦ ਅੰਮ੍ਰਿਤਸਰ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕਈ ਖੇਤਰ ਵੀ ਸੀਲ ਕਰ ਦਿੱਤੇ ਗਏ ਹਨ। ਜੇਕਰ ਅੰਮ੍ਰਿਤਸਰ ਵਾਸੀਆਂ ਨੇ ਅਜੇ ਵੀ ਕਰੋਨਾ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਮ੍ਰਿਤਸਰ 'ਚ ਹੁਣ ਅਜਿਹੇ ਹਾਲਾਤ ਹੋ ਗਏ ਹਨ, ਹੁਣ ਕਿਸੇ ਨੂੰ ਨਹੀਂ ਪਤਾ ਕਿ ਕੌਣ ਕੋਰੋਨਾ ਤੋਂ ਪੀੜਤ ਹੈ ਅਤੇ ਕੌਣ ਸਿਹਤਮੰਦ ਹੈ ਇਹ ਉਦੋਂ ਸਪੱਸ਼ਟ ਹੁੰਦਾ ਹੈ ਜਦੋਂ ਇਸ ਦਾ ਟੈਸਟ ਹੁੰਦਾ ਹੈ ਜਾਂ ਸਰੀਰ 'ਚ ਕੋਈ ਮੁਸ਼ਕਿਲ ਆਉਂਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ, ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਜ਼ਰੂਰਤ ਹੈ। ਵਾਰ-ਵਾਰ ਹੱਥਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਬਾਹਰ ਤੋਂ ਲਿਆਂਦਾ ਗਿਆ ਸਮਾਨ ਚੰਗੀ ਤਰ੍ਹਾਂ ਸਾਫ਼ ਕਰ ਕੇ ਫਿਰ ਇਸਤੇਮਾਲ ਕੀਤਾ ਜਾਵੇ।

ਇਹ ਵੀ ਪੜ੍ਹੋ : ''ਕੋਰੋਨਾ'' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ ''ਚ ਮੌਤ


Gurminder Singh

Content Editor

Related News