ਪੰਜਾਬ ''ਚ ਕਰਫਿਊ, ਪਿੰਡ ਭਾਗੋ ਅਰਾਈਆਂ ਦੀ ਪੰਚਾਇਤ ਦਾ ਸਖਤ ਫਰਮਾਨ
Wednesday, Mar 25, 2020 - 06:35 PM (IST)
ਸੁਲਤਾਨਪੁਰ ਲੋਧੀ (ਸੋਢੀ) : ਗ੍ਰਾਮ ਪੰਚਾਇਤ ਪਿੰਡ ਭਾਗੋ ਅਰਾਈਆਂ ਵਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਿਤੀ 25 ਮਾਰਚ ਤੋਂ 14 ਅਪ੍ਰੈਲ 2020 ਤੱਕ ਲਗਾਏ ਗਏ ਲਾਕ ਡਾਊਨ ਦਾ ਸਹਿਯੋਗ ਦੇਣ ਲਈ ਸਖਤ ਫੈਸਲਾ ਲਿਆ ਹੈ। ਪੰਚਾਇਤ ਨੇ ਪਿੰਡ ਭਾਗੋ ਅਰਾਈਆਂ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੀ ਐਂਟਰੀ ਨੂੰ 14 ਅਪ੍ਰੈਲ ਤੱਕ ਲਈ ਬੈਨ ਕਰਨ ਦਾ ਫੈਸਲਾ ਲਿਆ ਹੈ । ਇਹ ਜਾਣਕਾਰੀ ਪਿੰਡ ਦੇ ਸਰਪੰਚ ਸੰਤੋਖ ਸਿੰਘ ਨੇ ਸਾਂਝੀ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਇਸ ਸਮੇਂ ਦੌਰਾਨ ਪਿੰਡ ਭਾਗੋ ਅਰਾਈਆਂ ਪਿੰਡ ਤੋਂ ਬਾਹਰ ਵੀ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਬਾਹਰਲਾ ਵਿਅਕਤੀ ਪਿੰਡ ਭਾਗੋ ਅਰਾਈਆਂ ਵਿੱਚ ਪ੍ਰਵੇਸ਼ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦੇ ਹੋਏ ਲਿਆ ਗਿਆ ਹੈ। ਜੇਕਰ ਕੋਈ ਵੀ ਵਿਅਕਤੀ ਇਸ ਫੈਸਲਾ ਦਾ ਵਿਰੋਧ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਨਗਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਪੂਰੀ ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਨ ਲਗਭਗ 19000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ਵਿਚ ਹੁਣ ਤਕ 11 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿਚ ਹੁਣ ਤਕ 1 ਮੌਤ ਹੋ ਚੁੱਕੀ ਹੈ ਅਤੇ 30 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੇਟਿਵ ਮਰੀਜ਼ ਉਹੀ ਹਨ ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਸੂਬੇ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਕਰਫਿਊ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ।