ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਲੱਗ ਰਹੇ ਦੋਸ਼ਾਂ ''ਤੇ ਪੰਜਾਬ ਸਰਕਾਰ ਦਾ ਸਪੱਸ਼ਟੀਕਰਨ
Saturday, Apr 04, 2020 - 06:51 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਡਾਕਟਰੀ ਲਾਪ੍ਰਵਾਹੀ ਦੇ ਲੱਗ ਰਹੇ ਦੋਸ਼ਾਂ ਦਾ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਸਪੱਸ਼ਟੀਕਰਨ ਦਿੱਤਾ ਹੈ। ਸੋਨੀ ਨੇ ਭਾਈ ਖਾਲਸਾ ਦੇ ਲੜਕੇ ਵਲੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਦੀ ਜਾਰੀ ਆਡੀਓ ਨੂੰ ਲੈ ਕੇ ਅੱਜ ਸਵੇਰੇ ਗੁਰੂ ਨਾਨਕ ਮੈਡੀਕਲ ਕਾਲਜ ਤੇ ਹਸਪਤਾਲ, ਜਿੱਥੇ ਕਿ ਭਾਈ ਖਾਲਸਾ ਦਾ ਇਲਾਜ ਹੋਇਆ ਸੀ ਦੇ ਪ੍ਰਿੰਸੀਪਲ, ਮੈਡੀਕਲ ਸੁਪਰਡੈਂਟ ਅਤੇ ਡਿਊਟੀ 'ਤੇ ਹਾਜ਼ਰ ਰਹੇ ਡਾਕਟਰਾਂ ਨਾਲ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਲੰਮੀ ਜਾਂਚ-ਪੜਤਾਲ ਕੀਤੀ।
ਇਹ ਵੀ ਪੜ੍ਹੋ : ਫਰੀਦਕੋਟ ''ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਵੱਲੋਂ ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ। ਇੱਥੇ ਉਨ੍ਹਾਂ ਦੇ ਟੈਸਟ ਲੈ ਕੇ ਜਾਂਚ ਕੀਤੀ ਗਈ ਤਾਂ ਕੋਰੋਨਾ ਪਾਇਆ ਗਿਆ। ਇਸ ਮਗਰੋਂ ਉਨਾਂ ਨੂੰ 'ਵੀ. ਆਈ. ਪੀ. ਟਰੀਟਮੈਂਟ' ਦੇ ਕੇ ਆਈਸੋਲੇਸ਼ਨ ਵਾਰਡ ਦੀ ਥਾਂ ਵੱਖਰੇ ਕਮਰੇ ਵਿਚ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰਾਂ ਨੇ ਦਵਾਈ ਦੀ ਪਹਿਲੀ ਡੋਜ਼ ਦਿੱਤੀ ਅਤੇ ਦੂਸਰੀ ਚਾਰ ਘੰਟੇ ਬਾਅਦ ਦੇਣੀ ਸੀ ਪਰ ਭਾਈ ਨਿਰਮਲ ਸਿੰਘ ਨੂੰ ਜਦੋਂ ਕੋਰੋਨਾ ਪਾਜ਼ੇਟਿਵ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਇਕ ਤਰ੍ਹਾਂ ਦਿਲ ਹੀ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ।
ਇਹ ਵੀ ਪੜ੍ਹੋ : ਸਸਕਾਰ ਤੋਂ 16 ਦਿਨ ਬਾਅਦ ਵੀ ਨਹੀਂ ਚੁਗੇ ਗਏ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਫੁੱਲ
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਡਾਕਟਰ ਹਰ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਰੋਨਾ ਦੇ ਟਾਕਰੇ ਲਈ ਕਿਸੇ ਤਰਾਂ ਦੀ ਕੋਈ ਕਮੀ ਨਹੀਂ। ਹਸਪਤਾਲ ਵਿਚ 400 ਤੋਂ ਵੱਧ ਪੀ. ਪੀ. ਈ. ਕਿੱਟਾਂ, 9000 ਤੋਂ ਵੱਧ ਐੱਨ 95 ਮਾਸਕ, ਸਵਾ ਲੱਖ ਤੋਂ ਵੱਧ ਤੀਹਰੀ ਪਰਤ ਵਾਲੇ ਮਾਸਕ, 30 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ-ਨਵਾਂ ਸਮਾਨ ਆ ਰਿਹਾ ਹੈ ਅਤੇ ਸਪਲਾਈ ਨਿਰੰਤਰ ਜਾਰੀ ਹੈ। ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਰੋਜ਼ਾਨਾ ਅਪਡੇਟ ਲੈ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਦੱਸੀ ਜਾਂਦੀ ਹੋਰ ਲੋੜ ਪੂਰੀ ਹੋ ਰਹੀ ਹੈ। ਇਸ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਨੂੰ ਕੋਈ ਵੀ ਸਮਾਨ ਖਰੀਦ ਕਰਨ ਦੇ ਅਧਿਕਾਰ ਦਿੱਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਦੀ ਮੌਤ 'ਤੇ ਸੁਖਬੀਰ ਬਾਦਲ ਨੇ ਮੰਗਿਆ ਸਿਹਤ ਮੰਤਰੀ ਦਾ ਅਸਤੀਫਾ
ਹਸਪਤਾਲ ਦੇ ਨਰਸਿੰਗ ਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਕੀਤੇ ਪ੍ਰਦਰਸ਼ਨ ਬਾਰੇ ਬੋਲਦੇ ਸੋਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਹਨ, ਉਸ ਅਨੁਸਾਰ ਸਟਾਫ ਨੂੰ ਹੀ ਪੀ. ਪੀ. ਈ. ਕਿੱਟ ਦਿੱਤੀ ਜਾ ਰਹੀ ਹੈ। ਦੂਸਰੇ ਸਟਾਫ ਲਈ ਜੋ ਹਦਾਇਤਾਂ ਹਨ, ਉਨ੍ਹਾਂ ਨੂੰ ਉਸ ਅਨੁਸਾਰ ਸਾਜੋ-ਸਮਾਨ ਦਿੱਤਾ ਜਾ ਰਿਹਾ ਹੈ। ਸੋਨੀ ਨੇ ਸਪੱਸ਼ਟ ਕੀਤਾ ਕਿ ਉਹ ਸਟਾਫ ਜਿਸਦਾ ਕੋਰੋਨਾ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ, ਉਨ੍ਹਾਂ ਨੇ ਉਸ ਵਾਰਡ, ਕਮਰੇ ਵਿਚ ਨਹੀਂ ਜਾਣਾ ਤਾਂ ਉਨ੍ਹਾਂ ਨੂੰ ਕਿੱਟ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ : ਬਲੈਕ ਆਊਟ ਦੇ ਖਤਰੇ ਨਾਲ ਨਜਿੱਠਣਾ ਪਾਵਰਕਾਮ ਦੇ ਸਾਹਮਣੇ ਹੋਵੇਗੀ ਵੱਡੀ ਚੁਣੌਤੀ