ਕੋਰੋਨਾ ਰੋਕਣ ਦੀ ਕੋਸ਼ਿਸ਼ ''ਚ ਵੱਡਾ ਰਿਸਕ ਲੈ ਰਿਹੈ ਜੇਲ ਵਿਭਾਗ

04/24/2020 12:48:12 PM

ਬਠਿੰਡਾ (ਜ.ਬ.): ਕੋਰੋਨਾ ਵਾਇਰਸ ਨੂੰ ਰੋਕਣ ਖਾਤਰ ਕੋਸ਼ਿਸ਼ ਕਰਨ ਦੇ ਨਾਲ-ਨਾਲ ਜੇਲ ਵਿਭਾਗ ਵੱਡਾ ਰਿਸਕ ਵੀ ਲੈ ਰਿਹਾ ਹੈ, ਜੋ ਘਾਤਕ ਸਿੱਧ ਹੋ ਸਕਦਾ ਹੈ।ਜਿਵੇਂ ਕਿ ਕੇਂਦਰੀ ਜੇਲ ਬਠਿੰਡਾ 'ਚ ਨਵੇਂ ਤੇ ਪੁਰਾਣੇ ਬੰਦੀਆਂ ਨੂੰ ਅਲੱਗ-ਅਲੱਗ ਰੱਖਿਆ ਜਾ ਰਿਹਾ ਹੈ ਪਰ ਦੋਵੇਂ ਜੇਲਾਂ 'ਚ ਮੈਡੀਕਲ ਸਟਾਫ ਇਕੋ ਹੀ ਰਹੇਗਾ।

ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹਰ ਜਗ੍ਹਾਂ ਜਾਰੀ ਹਨ, ਪਰ ਕੋਤਾਹੀਆਂ ਜਾਂ ਲਾਪ੍ਰਵਾਹੀਆਂ ਹੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਹੀ ਜੇਲ ਵਿਭਾਗ ਪੰਜਾਬ ਨੇ ਪਹਿਲਾਂ ਬਰਨਾਲਾ ਜੇਲ ਦੇ ਕਰੀਬ 200 ਪੁਰਾਣੇ ਬੰਦੀਆਂ ਨੂੰ ਬਠਿੰਡਾ ਜੇਲ 'ਚ ਸਿਫ਼ਟ ਕੀਤਾ ਤੇ ਬਰਨਾਲਾ ਜੇਲ ਨੂੰ ਖਾਲੀ ਕੀਤਾ ਗਿਆ। ਕਿਉਂਕਿ ਬਾਹਰੋਂ ਆਇਆ ਕੋਈ ਵੀ ਕੈਦੀ ਜਾਂ ਹਵਾਲਾਤੀ ਕੋਰੋਨਾ ਪਾਜ਼ੀਟਿਵ ਹੋ ਸਕਦਾ ਹੈ, ਜਿਸ ਨਾਲ ਜੇਲ ਅੰਦਰ ਬੈਠੇ ਬੰਦੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬਠਿੰਡਾ ਜੇਲ ਦੀ ਸਮਰਥਾ ਕਰੀਬ 2000 ਹੈ, ਜਿਥੇ ਪਹਿਲਾਂ ਕਰੀਬ 1750 ਬੰਦੀ ਹਨ ਤੇ ਕਰੀਬ 200 ਹੋਰ ਬਰਨਾਲਾ ਜੇਲ 'ਚੋਂ ਇੱਥੇ ਸਿਫ਼ਟ ਕੀਤੇ ਗਏ ਹਨ।
ਇਸੇ ਤਰ੍ਹਾਂ ਬਠਿੰਡਾ ਦੀ ਜਨਾਨਾ ਜੇਲ ਤਿਆਰ ਹੈ, ਪਰ ਹੁਣ ਤੱਕ ਖਾਲੀ ਪਈ ਸੀ। ਹੁਣ ਇਸ ਜੇਲ ਨੂੰ ਵੀ ਆਮ ਜੇਲ ਵਾਂਗ ਵਰਤਿਆ ਜਾਣਾ ਹੈ ਤਾਂ ਕਿ ਨਵੇਂ ਆਉਣ ਵਾਲੇ ਮੁਲਜ਼ਮਾਂ ਤੇ ਕੈਦੀਆਂ ਨੂੰ ਇਥੇ ਹੀ ਰੱਖਿਆ ਜਾ ਸਕੇ। ਇਸ ਕੜੀ ਤਹਿਤ ਬੀਤੇ ਕੱਲ ਉਕਤ ਜੇਲ ਨੂੰ ਸਮਾਜ ਸੇਵੀ ਸੰਸਥਾ ਡੇਰਾ ਸੱਚਾ ਸੌਦਾ ਸਿਰਸਾ ਦੇ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਸੈਨੇਟਾਈਜ਼ ਵੀ ਕੀਤਾ ਗਿਆ ਹੈ।

ਅਧਿਕਾਰੀ ਗੱਲ ਕਰਨਾ ਵੀ ਸਮਝਦੇ ਹਨ ਤੌਹੀਨ
ਇਸ ਸਬੰਧੀ ਕੇਂਦਰੀ ਜੇਲ ਬਠਿੰਡਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਅੱਧਾ ਸਵਾਲ ਸੁਨਣ ਤੋਂ ਬਾਅਦ ਹੀ ਉਹ ਟਾਲਾ ਵੱਟ ਗਏ। ਇਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਉਹ ਆਪਣੀ ਤੌਹੀਨ ਸਮਝਦੇ ਹੋਣਗੇ, ਪਰ ਇਹ ਮਸਲਾ ਬਹੁਤ ਗੰਭੀਰ ਹੈ, ਜਿਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ।

ਰਿਸਕ ਲੈਣਾ ਮਜ਼ਬੂਰੀ ਬਣਿਆ : ਏ. ਡੀ. ਜੀ. ਪੀ. ਜੇਲਾਂ
ਪ੍ਰਵੀਨ ਸਿਨਹਾ ਏ. ਡੀ. ਜੀ. ਪੀ. ਜੇਲਾਂ ਪੰਜਾਬ ਨੇ ਕੋਰੋਨਾ ਵਾਇਰਸ ਦੇ ਮਸਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਕੋ ਮੈਡੀਕਲ ਸਟਾਫ ਨੂੰ ਦੋਵੇਂ ਜਗ੍ਹਾ ਰੱਖਣਾ ਸੱਚਮੁੱਚ ਰਿਸਕ ਹੈ ਪਰ ਇਹ ਉਨ੍ਹਾਂ ਦੀ ਮਜਬੂਰੀ ਹੈ, ਕਿਉਂਕਿ ਉਨ੍ਹਾਂ ਕੋਲ ਸਟਾਫ ਦੀ ਘਾਟ ਹੋ ਗਈ। ਸਿਹਤ ਵਿਭਾਗ ਨੂੰ ਹੋਰ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਮੰਗ ਕੀਤੀ ਗਈ ਹੈ ਤਾਂ ਕਿ ਮੈਡੀਕਲ ਸਟਾਫ ਵੀ ਅਲੱਗ-ਅਲੱਗ ਹੀ ਰੱਖਿਆ ਜਾਵੇ ਪਰ ਜਦੋਂ ਤੱਕ ਸਟਾਫ ਦੀ ਘਾਟ ਪੂਰੀ ਨਹੀਂ ਹੁੰਦੀ, ਉਦੋਂ ਤੱਕ ਇਕੋ ਸਟਾਫ ਹੀ ਰੱਖਣਾ ਪੈ ਰਿਹਾ ਹੈ। ਫਿਰ ਵੀ ਅਹਿਤਿਆਤ ਪੂਰਾ ਰੱਖਿਆ ਜਾ ਰਿਹਾ ਹੈ।


Shyna

Content Editor

Related News