ਕੋਰੋਨਾ ਵਾਇਰਸ: ਬੇਗੋਵਾਲ ਇਲਾਕੇ ''ਚ ਵਿਦੇਸ਼ੋਂ ਆਏ ਲੋਕਾਂ ਦੀ ਕੀਤੀ ਗਈ ਹੈਂਡ ਸਟੈਂਪਿੰਗ
Saturday, Mar 21, 2020 - 09:41 PM (IST)
ਬੇਗੋਵਾਲ, (ਰਜਿੰਦਰ)- ਭਾਰਤ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਦਰਮਿਆਨ ਆਏ ਦਿਨ ਸਰਕਾਰ ਵਲੋਂ ਨਵੇਂ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਤਹਿਤ ਹੁਣ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਹੈਂਡ ਸਟੈਪਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਅੱਜ ਸਿਹਤ ਤੇ ਪੁਲਸ ਦੀਆਂ ਸਾਂਝੀਆਂ ਟੀਮਾਂ ਵਲੋਂ ਬੇਗੋਵਾਲ ਇਲਾਕੇ 'ਚ ਵਿਦੇਸ਼ੋਂ ਆਏ ਲੋਕਾਂ ਵਿਚੋਂ ਕਰੀਬ 50 ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਹੱਥਾਂ 'ਤੇ ਸਟੈਪਿੰਗ ਕੀਤੀ ਗਈ। ਸੂਤਰਾਂ ਮੁਤਾਬਕ ਇਹ ਉਹ ਲੋਕ ਹਨ, ਜੋ 18 ਮਾਰਚ ਤੱਕ ਭਾਰਤ ਪਹੁੰਚੇ ਹਨ, ਇਹ ਵੀ ਪਤਾ ਲੱਗਾ ਹੈ ਕਿ ਸਟੈਂਪਿੰਗ ਦਾ ਕੰਮ ਹਾਲੇ ਜਾਰੀ ਹੈ। ਦੱਸ ਦੇਈਏ ਕਿ ਹੈਂਡ ਸਟੈਂਪਾਂ 'ਚ ਐੱਨ.ਆਰ.ਆਈਜ਼ ਦੇ ਘਰ ਵਿਚ ਏਕਾਂਤਵਾਸ ਰਹਿਣ (ਹੋਮ ਕੋਆਰਨਟਾਈਂਡ) ਦੀ ਜਾਣਕਾਰੀ ਸਮੇਤ ਏਕਾਂਤਵਾਸ ਦੀ ਤਾਰੀਖ ਵੀ ਉੱਕਰੀ ਹੋਈ ਹੈ। ਇਸ ਤੋਂ ਇਲਾਵਾ ਵਿਦੇਸ਼ੋਂ ਆਏ ਲੋਕਾਂ ਕੋਲੋਂ ਸਰਵੇਂ ਟੀਮ ਵਲੋਂ ਫਾਰਮ ਵੀ ਭਰਵਾਇਆ ਗਿਆ ਹੈ। ਦੂਜੇ ਪਾਸੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐੱਸ.ਡੀ.ਐੱਮ. ਭੁਲੱਥ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ, ਪਰ ਸੰਪਰਕ ਕਰਨ 'ਤੇ ਸਰਕਾਰੀ ਹਸਪਤਾਲ ਬੇਗੋਵਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਪ੍ਰੀਤ ਕੌਰ ਸ਼ੇਖੋਂ ਨੇ ਇਸ ਹੈਲਥ ਸਰਵੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ, ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਐੱਸ.ਡੀ.ਐੱਮ. ਭੁਲੱਥ ਰਣਦੀਪ ਸਿੰਘ ਹੀਰ ਦੀ ਅਗਵਾਈ ਹੇਠ ਇਲਾਕੇ ਵਿਚ ਇਹ ਹੈਲਥ ਸਰਵੇ ਕੀਤਾ ਗਿਆ ਹੈ। ਜਿਸ ਦੌਰਾਨ ਵਿਦੇਸ਼ਾਂ ਵਿਚੋਂ ਆਏ ਕਰੀਬ 50 ਲੋਕਾਂ ਤੱਕ ਪਹੁੰਚ ਕਰਕੇ ਹੈਂਡ ਸਟੈਪਿੰਗ ਕੀਤੀ ਗਈ ਹੈ ਤੇ ਇਹ ਸਾਰੇ ਲੋਕ ਪੂਰੀ ਤਰ੍ਹਾਂ ਠੀਕ ਹਨ। ਪਰ ਫਿਰ ਵੀ ਇਨ੍ਹਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਖਾਂਸੀ, ਬੁਖਾਰ, ਰੇਸ਼ਾਂ ਜਾਂ ਸਾਹ ਲੈਣ ਵਿਚ ਸ਼ਿਕਾਇਤ ਹੋਣ 'ਤੇ ਤੁਰੰਤ ਸੂਚਨਾ ਦਿੱਤੀ ਜਾਵੇ ਤੇ ਇਸ ਦੇ ਨਾਲ ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਤੱਕ ਘਰਾਂ ਵਿਚ ਏਕਾਂਤਵਾਸ ਵਿਚ ਰਹਿਣ ਤੇ ਕਿਸੇ ਨਾਲ ਮੇਲਜੋਲ ਨਾ ਰੱਖਣ ਲਈ ਕਿਹਾ ਗਿਆ ਹੈ। ਪੁੱਛਣ 'ਤੇ ਉਨ੍ਹਾਂ ਹੋਰ ਦਸਿਆ ਕਿ ਰੈਪਿਡ ਰਿਸਪੌਂਸ ਟੀਮ ਵਲੋਂ ਇਨ੍ਹਾਂ ਲੋਕਾਂ ਦਾ ਘਰਾਂ ਵਿਚ ਹੀ ਚੈਕਅੱਪ ਕੀਤਾ ਜਾਵੇਗਾ।