ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਉਣ ਵਾਲੇ 2 ਡਾਕਟਰਾਂ ਸਣੇ 10 ਹੋਰ ਕੀਤੇ ਕੁਆਰਿੰਟਾਈਨ
Saturday, Apr 04, 2020 - 02:12 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਹੁਸ਼ਿਆਰਪੁਰ ਦੇ ਇੱਕ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਣੇ 10 ਹੈਲਥ ਮੁਲਾਜ਼ਮਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਇੱਕ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ•ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਸ਼ੱਕੀ ਮਰੀਜ ਇਲਾਜ ਲਈ ਆਇਆ ਸੀ, ਜੋ ਬਾਅਦ 'ਚ ਉੱਥੋਂ ਦੌੜ ਗਿਆ ਸੀ, ਜਿਸਨੂੰ ਸਿਹਤ ਵਿਭਾਗ ਵੱਲੋਂ ਬਾਅਦ 'ਚ ਕੁਆਰਿੰਟਾਈਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ ► ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲਿਆਂ ਨੂੰ ਸਿੱਖ ਪੰਥ ਤੋਂ ਬਾਹਰ ਕੀਤਾ ਜਾਵੇ : ਸੋਮ ਪ੍ਰਕਾਸ਼
ਅੱਜ ਉਸਦੀ ਪਾਜ਼ੇਟਿਵ ਰਿਪੋਰਟ ਆਉਣ 'ਤੇ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਣੇ ਕਰੀਬ 10 ਮੈਡੀਕਲ ਸਟਾਫ ਦੇ ਮੈਂਬਰਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਿਹਤ ਮੁਲਾਜ਼ਮ ਅਤੇ ਡਾਕਟਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਚੰਡੀਗੜ੍ਹ ਭੇਜੇ ਜਾਣਗੇ।
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਿੰਡਾਂ ਤੋਂ ਸਿਹਤ ਵਿਭਾਗ ਨੇ 21 ਸੈਂਪਲ ਭੇਜੇ ਜਾਂਚ ਲਈ
ਜ਼ਿਲ੍ਹਾ ਐਪੀਡੀਮਾਲੋਜਿਸਟ ਡਾ.ਜਗਦੀਪ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਪਠਲਾਵਾ-ਲਧਾਣਾ ਝਿੱਕਾ ਤੋਂ 21 ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਲੋਕਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ 'ਚ ਜੇਰੇ ਕੋਰੋਨਾ ਵਾਇਰਸ ਦੇ 18 ਮਰੀਜ਼ਾਂ 'ਚੋਂ 14 ਦਿਨ ਦਾ ਸਮਾਂ ਪੂਰਾ ਕਰਨ ਵਾਲੇ 6 ਮਰੀਜ਼ਾਂ ਦੇ ਸੈਂਪਲ ਮੁੜ ਜਾਂਚ ਲਈ ਲੈਬ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ 2-3 ਦਿਨ 'ਚ ਆਉਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਪੰਜਾਬ 'ਚੋਂ ਕੁਲ 58 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 12, ਬੁਢਲਾਡਾ (ਮਾਨਸਾ) 3, ਫਰੀਦਕੋਟ 1, ਰੂਪਨਗਰ 1, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 4 ਅਤੇ ਅੰਮ੍ਰਿਤਸਰ ਦੇ 5 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ ► ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ