ਕਰਫਿਊ ਕਾਰਨ ਮਜ਼ਦੂਰਾਂ ਦਾ ਪਿਆ ''ਅਕਾਲ'', ਪੰਜਾਬੀਆਂ ਨੂੰ ਖੁਦ ਚੁੱਕਣੇ ਪੈਣਗੇ ਖੇਤੀ ਹਥਿਆਰ
Sunday, Apr 12, 2020 - 06:13 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਕਿਸਾਨ ਫਸਲਾਂ ਦੀ ਕਟਾਈ ਤੇ ਬਿਜਾਈ ਲਈ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਰਹਿੰਦੇ ਹਨ ਅਤੇ ਹੁਣ ਕਰਫਿਊ ਦੀ ਮਾਰ ਕਾਰਨ ਮਜ਼ਦੂਰਾਂ ਦਾ ਅਕਾਲ ਪੈ ਗਿਆ ਹੈ ਜਿਸ ਕਾਰਨ ਹੁਣ ਪੰਜਾਬੀਆਂ ਨੂੰ ਆਪਣੀਆਂ ਫਸਲਾਂ ਸੰਭਾਲਣ ਲਈ ਆਪ ਖੇਤੀਬਾੜੀ ਹਥਿਆਰ ਚੁੱਕਣੇ ਪੈਣਗੇ। ਕਿਸਾਨਾਂ ਦੀ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਵਾਢੀ ਲਈ ਪਿਛਲੇ ਸਮਿਆਂ ਦੌਰਾਨ ਯੂ.ਪੀ., ਮੱਧ ਪ੍ਰਦੇਸ਼, ਬਿਹਾਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਪੰਜਾਬ ਫਸਲ ਦੀ ਕਟਾਈ ਕਰ ਚੋਖੀ ਕਮਾਈ ਕਰਕੇ ਜਾਂਦੇ ਸਨ ਪਰ ਹੁਣ ਕਰਫਿਊ ਕਾਰਨ ਇਹ ਮਜ਼ਦੂਰ ਆਪੋ-ਆਪਣੇ ਸੂਬਿਆਂ ਤੋਂ ਬਾਹਰ ਨਹੀਂ ਨਿਕਲ ਸਕਦੇ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਸ਼ੱਕ ਪੰਜਾਬ 'ਚ ਲੱਖਾਂ ਦੀ ਗਿਣਤੀ 'ਚ ਪੱਕੇ ਤੌਰ 'ਤੇ ਪ੍ਰਵਾਸੀ ਮਜ਼ਦੂਰ ਹਨ ਪਰ ਫਿਰ ਵੀ ਕਣਕ ਦੀ ਵਾਢੀ ਤੇ ਮੰਡੀਆਂ 'ਚ ਫਸਲ ਦੀ ਸਾਂਭ-ਸੰਭਾਲ ਲਈ ਨਾ ਕਾਫ਼ੀ ਹਨ ਕਿਉਂਕਿ ਇਹ ਮਜ਼ਦੂਰ ਜਿਆਦਾਤਰ ਫੈਕਟਰੀਆਂ 'ਚ ਕੰਮ ਕਰਨ ਵਾਲੇ ਹਨ ਜਦਕਿ ਖੇਤੀਬਾੜੀ ਵਾਲੇ ਮਜ਼ਦੂਰ ਕੁੱਝ ਮਹੀਨੇ ਸਖ਼ਤ ਮਿਹਨਤ ਕਰ ਚੋਖੀ ਕਮਾਈ ਕਰ ਘਰਾਂ ਨੂੰ ਪਰਤ ਜਾਂਦੇ ਸਨ। ਕਿਸਾਨਾਂ ਵਲੋਂ ਹੁਣ ਪਿੰਡਾਂ 'ਚ ਪੰਜਾਬੀ ਮਜ਼ਦੂਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਦੀ ਕਣਕ ਵਾਢੀ 'ਚ ਸਹਾਇਤਾ ਕਰਨ ਪਰ ਪੇਂਡੂ ਪੰਜਾਬੀ ਮਜ਼ਦੂਰਾਂ ਦੇ ਹਾਲਾਤ ਇਹ ਹਨ ਕਿ ਉਹ ਕਣਕ ਦੀ ਵਾਢੀ ਵਰਗੀ ਸਖ਼ਤ ਮਿਹਨਤ ਛੱਡ ਅਰਾਮ ਵਾਲਾ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ।
ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ ''ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ
ਇਸ ਤੋਂ ਇਲਾਵਾ ਅਨਾਜ ਮੰਡੀਆਂ 'ਚ ਕਣਕ ਦੀ ਸਫ਼ਾਈ ਤੇ ਢੋਆ-ਢੁਆਈ ਲਈ ਹਜ਼ਾਰਾਂ ਹੀ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਪਰ ਕਰਫਿਊ ਕਾਰਨ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਨਾ ਆਉਣ ਕਾਰਨ ਆੜ੍ਹਤੀਆਂ ਨੂੰ ਵੀ ਚਿੰਤਾ ਸਤਾ ਰਹੀ ਹੈ ਕਿ ਹੁਣ ਮੰਡੀਆਂ 'ਚ ਫਸਲ ਦੀ ਸਾਂਭ-ਸੰਭਾਲ ਦਾ ਕੰਮ ਕਿਵੇਂ ਚੱਲੇਗਾ। ਮਾਛੀਵਾੜਾ ਮੰਡੀ ਦੇ ਕੁੱਝ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਾਂ ਪਿਛਲੇ ਸਮਿਆਂ ਦੌਰਾਨ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੇਸ਼ਗੀ ਵਜੋਂ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦਿੱਤਾ ਹੈ ਪਰ ਕਰਫਿਊ ਕਾਰਨ ਇਹ ਮੁਖੀਏ ਮਜ਼ਦੂਰ ਲੈ ਕੇ ਪੰਜਾਬ ਨਹੀਂ ਆ ਰਹੇ, ਜਿਸ ਕਾਰਨ ਉਹ ਹੁਣ ਸੂਬੇ 'ਚੋਂ ਹੀ ਮਜ਼ਦੂਰਾਂ ਦੀ ਤਲਾਸ਼ ਕਰ ਮੰਡੀਆਂ ਦਾ ਕੰਮ ਚਲਾਉਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਕੋਰੋਨਾ ਦਾ ਹਾਟ ਸਪਾਟ ਐਲਾਨੇ ਗਏ ਜਵਾਹਰਪੁਰ 'ਚ ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ
ਕਰਫਿਊ ਦੀ ਮਾਰ ਕਾਰਨ ਮਜ਼ਦੂਰਾਂ ਦੇ ਪਏ 'ਅਕਾਲ' ਨਾਲ ਕਣਕ ਦੀ ਕਟਾਈ ਅਤੇ ਸਾਂਭ-ਸੰਭਾਲ ਇਸ ਸਮੇਂ ਪੰਜਾਬ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਜੇਕਰ ਕਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਲਾਕਡਾਊਨ ਲੰਮਾਂ ਸਮਾਂ ਚੱਲਿਆ ਤਾਂ ਅੱਗੇ ਜੂਨ ਮਹੀਨੇ 'ਚ ਹੋਣ ਵਾਲੀ ਝੋਨੇ ਦੀ ਬਿਜਾਈ ਪ੍ਰਭਾਵਿਤ ਹੋਵੇਗੀ। ਇਸ ਲਈ ਸਮੱਸਿਆ ਦਾ ਇੱਕੋ ਹੱਲ ਹੈ ਕਿ ਪੰਜਾਬੀਆਂ ਨੂੰ ਆਪਣੇ ਖੇਤੀਬਾੜੀ ਹਥਿਆਰ ਮੁੜ ਚੁੱਕਣੇ ਪੈਣਗੇ।
ਇਹ ਵੀ ਪੜ੍ਹੋ : ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ