ਪੰਜਾਬ ਨੂੰ 4 ਦਿਨਾਂ ਤੋਂ ਨਹੀਂ ਮਿਲ ਰਹੀ 'ਵੈਕਸੀਨ', ਕੈਪਟਨ ਦੀ ਗੁਹਾਰ ਮਗਰੋਂ ਵੀ ਨਹੀਂ ਹੋ ਰਹੀ ਸੁਣਵਾਈ
Tuesday, May 18, 2021 - 11:12 AM (IST)
ਜਲੰਧਰ (ਧਵਨ) : ਕੇਂਦਰ ਸਰਕਾਰ ਨੇ ਪੰਜਾਬ ਨੂੰ ਚੌਥੇ ਦਿਨ ਵੀ ਕੋਵਿਡ ਵੈਕਸੀਨ ਨਹੀਂ ਭੇਜੀ, ਜਿਸ ਕਾਰਨ ਸੂਬੇ ਦੇ ਸਰਕਾਰੀ ਸਿਹਤ ਕੇਂਦਰਾਂ ’ਚ ਟੀਕਾਕਰਨ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵੈਕਸੀਨ ਨਾ ਮਿਲਣ ਕਾਰਨ ਸ਼ੁੱਕਰਵਾਰ ਤੋਂ ਹੀ ਟੀਕਾਕਰਨ ਲਗਾਉਣ ਵਾਲੇ ਸੈਂਟਰ ਬੰਦ ਪਏ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕੇਂਦਰ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਹ ਵੈਕਸੀਨ ਦੀ ਸਪਲਾਈ ਕਰੇ ਪਰ ਉਸ ਦੇ ਬਾਵਜੂਦ ਵੈਕਸੀਨ ਨਹੀਂ ਆ ਰਹੀ ਹੈ।
ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਆਲਮਗੀਰ 'ਚ 18 ਥਾਵਾਂ 'ਤੇ ਮਾਰੇ ਛਾਪੇ
ਕੈਪਟਨ ਅਮਰਿੰਦਰ ਸਰਕਾਰ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਵੀ ਇਸ ਸਬੰਧ ’ਚ ਪੱਤਰ ਲਿਖਿਆ ਸੀ ਅਤੇ ਮੰਗ ਕੀਤੀ ਸੀ ਕਿ ਪੰਜਾਬ ਨੂੰ ਰੋਜ਼ਾਨਾ 4 ਲੱਖ ਵੈਕਸੀਨ ਦੀ ਲੋੜ ਹੈ। ਪਿਛਲੇ ਮਹੀਨੇ ਵੈਕਸੀਨ ਦੀ ਸਪਲਾਈ ਮੱਠੀ ਰਫ਼ਤਾਰ ਨਾਲ ਹੁੰਦੀ ਰਹੀ ਪਰ ਮਈ ਮਹੀਨੇ ’ਚ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਕੋਵਿਡ ਟੀਕਾਕਰਨ ਦਾ ਮਾਮਲਾ ਪੂਰੀ ਤਰ੍ਹਾਂ ਸੂਬਾ ਸਰਕਾਰਾਂ ’ਤੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫਿਰ ਵਧਿਆ 'ਮਿੰਨੀ ਲਾਕਡਾਊਨ', ਹੁਣ ਇਸ ਤਾਰੀਖ਼ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਇਸ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਵੈਕਸੀਨ ਲੈਣ ਲਈ ਗਲੋਬਲ ਟੈਂਡਰ ਲਗਾਉਣ ਦੀ ਗੱਲ ਕਰ ਰਹੀ ਹੈ ਅਤੇ ਨਾਲ ਹੀ ਉਹ ਕੁੱਝ ਹੋਰ ਕੰਪਨੀਆਂ ਤੋਂ ਵੀ ਵੈਕਸੀਨ ਦੀ ਖ਼ਰੀਦ ਲਈ ਗੱਲਬਾਤ ਕਰ ਰਹੀ ਹੈ। ਵੈਕਸੀਨ ਦੀ ਸਪਲਾਈ ਸੈਂਟਰਾਂ ’ਚ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਲੋਕਾਂ ਨੇ ਵੈਕਸੀਨ ਦਾ ਇਕ ਟੀਕਾ ਲਗਵਾਇਆ ਹੋਇਆ ਹੈ ਅਤੇ ਹੁਣ ਉਨ੍ਹਾਂ ਦਾ ਸਮਾਂ ਦੂਜਾ ਟੀਕਾ ਲਗਵਾਉਣ ਦਾ ਹੋ ਗਿਆ ਹੈ। 45 ਸਾਲ ਉਮਰ ਤੋਂ ਉਪਰ ਵਾਲੇ ਲੋਕ ਟੀਕਾ ਲਗਵਾਉਣ ਲਈ ਤਿਆਰ ਹਨ ਪਰ ਸੈਂਟਰ ਡ੍ਰਾਈ ਹੋਣ ਕਾਰਨ ਉਨ੍ਹਾਂ ਨੂੰ ਟੀਕਾ ਨਹੀਂ ਲਗ ਰਿਹਾ। ਕੁੱਲ ਮਿਲਾ ਕੇ ਅਜੇ ਅਧਿਕਾਰੀ ਇਹ ਦੱਸਣ ਦੀ ਸਥਿਤੀ ’ਚ ਨਹੀਂ ਹਨ ਕਿ ਵੈਕਸੀਨ ਦੀ ਸਪਲਾਈ ਕੇਂਦਰ ਤੋਂ ਕਦੋਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, 'ਡੇਂਗੂ' ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਥਾਪਿਤ
ਕੈਪਟਨ ਅਮਰਿੰਦਰ ਸਿੰਘ ਨੇ ਵੈਕਸੀਨ ਦੀ ਜਲਦ ਖ਼ਰੀਦ ਲਈ ਦਿੱਤੇ ਹੁਕਮ
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਵੈਕਸੀਨ ਦੀ ਖਰੀਦ ਨੂੰ ਯਕੀਨੀ ਬਣਾਉਣ ਕਿਉਂਕਿ ਕੋਰੋਨਾ ਮਹਾਮਾਰੀ ਦਾ ਪ੍ਰਸਾਰ ਰੋਕਣ ’ਚ ਸਿਰਫ ਵੈਕਸੀਨ ਹੀ ਸਹਾਇਕ ਸਿੱਧ ਹੋ ਸਕਦੀ ਹੈ। ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਵੀ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਬਣਾਇਆ ਹੋਇਆ ਹੈ ਤਾਂ ਕਿ ਕੇਂਦਰ ਤੋਂ ਵੈਕਸੀਨ ਪ੍ਰਾਪਤ ਕਰ ਕੇ ਟੀਕਾਕਰਨ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ