ਜਲੰਧਰ ''ਚ ਜਲਦੀ ਹੀ ਸ਼ੁਰੂ ਹੋਣਗੇ ਕੋਰੋਨਾ ਟੈਸਟ, ਕੇਂਦਰ ਤੋਂ ਮਿਲੀ ਮਨਜ਼ੂਰੀ
Monday, May 04, 2020 - 02:28 AM (IST)
ਜਲੰਧਰ, (ਰੱਤਾ)— ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਹੇ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ 124 ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ, ਜਦਕਿ 1237 ਦੇ ਕਰੀਬ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਅੰਮ੍ਰਿਤਸਰ ਸਥਿਤ ਮੈਡੀਕਲ ਲੈਬੋਰੇਟਰੀ ਤੋਂ ਆਉਣੀ ਹੈ ਜਦਕਿ ਬਾਕੀ ਪਟਿਆਲਾ ਸਥਿਤ ਲੈਬੋਰੇਟਰੀ 'ਚ ਪੈਂਡਿੰਗ ਪਈਆਂ ਹਨ। ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਇਕ ਰਾਹਤ ਭਰੀ ਖਬਰ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਵਲ ਹਸਪਤਾਲ ਜਲੰਧਰ 'ਚ ਵੀ ਕੋਰੋਨਾ ਵਾਇਰਸ ਦੇ ਟੈਸਟ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਜਲਦ ਹੀ ਸਿਵਲ ਹਸਪਤਾਲ 'ਚ ਇਹ ਟੈਸਟ ਹੋਣਗੇ।
ਪੰਜਾਬ ਦੇ 4 ਥਾਵਾਂ 'ਤੇ ਹੁੰਦੇ ਹਨ ਟੈਸਟ
ਇਸ ਤੋਂ ਪਹਿਲਾਂ ਪੂਰੇ ਪੰਜਾਬ 'ਚ ਸਿਰਫ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਤੇ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਹੀ ਕੋਰੋਨਾ ਦੇ ਟੈਸਟ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਲੁਧਿਆਣਾ ਦੇ ਸੀ. ਐੱਮ. ਸੀ. ਅਤੇ ਡੀ. ਐੱਮ. ਸੀ. ਹਸਪਤਾਲਾਂ 'ਚ ਇਹ ਟੈਸਟ ਕਰਵਾਏ ਜਾਣ ਦੀ ਸਰਕਾਰ ਤੋਂ ਮਨਜ਼ੂਰੀ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਲੰਧਰ 'ਚ ਕੋਰੋਨਾ ਦੇ ਟੈਸਟਾਂ ਲਈ ਮਨਜ਼ੂਰ ਰਾਸ਼ੀ ਅਤੇ ਲੈਬੋਰੇਟਰੀ ਦਾ ਹੋਰ ਸਾਜ਼ੋ ਸਾਮਾਨ ਮਿਲ ਜਾਵੇਗਾ, ਇਸ ਤੋਂ ਬਾਅਦ ਜਲੰਧਰ 'ਚ ਟੈਸਟਾਂ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਮਿਲੇਗੀ ।
ਕੋਰੋਨਾ ਦੇ ਵੱਡੇ ਵਿਸਫੋਟ ਦਾ ਸ਼ੱਕ
ਜਾਣਕਾਰੀ ਅਨੁਸਾਰ ਹੁਣ ਤਕ 1237 ਸ਼ੱਕੀ ਰੋਗੀਆਂ ਦੀ ਰਿਪੋਰਟ ਪੈਂਡਿੰਗ ਹੈ, ਇਨ੍ਹਾਂ 'ਚੋਂ ਕਈ ਅਜਿਹੇ ਵੀ ਹਨ, ਜਿਨ੍ਹਾਂ ਦੀ ਜਾਂਚ ਲਈ ਸੈਂਪਲਾਂ ਲਇਆਂ ਨੂੰ ਕਾਫ਼ੀ ਦਿਨ ਬੀਤ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਨਹੀਂ ਆਈ। ਇਨ੍ਹਾਂ ਲੋਕਾਂ ਨੂੰ ਸੈਂਪਲ ਲੈਣ ਤੋਂ ਬਾਅਦ ਆਪਣੇ ਆਪਣੇ ਘਰਾਂ 'ਚ ਭੇਜ ਦਿੱਤਾ ਗਿਆ ਸੀ ਤੇ ਹੁਣ ਤਕ ਇਨ੍ਹਾਂ ਲੋਕਾਂ ਦੇ ਪਤਾ ਨਹੀਂ ਕਿੰਨੇ ਹੋਰ ਲੋਕਾਂ ਨਾਲ ਸੰਪਰਕ ਹੋ ਚੁੱਕੇ ਹੋਣਗੇ। ਇਹ ਤਾਂ ਹੁਣ ਆਉਣ ਵਾਲੇ ਦਿਨਾਂ ਵਿਚ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਨ੍ਹਾਂ ਲੋਕਾਂ ਵੱਲੋਂ ਕੁਆਰਨਟਾਈਨ ਦੀਆਂ ਧੱਜੀਆਂ ਉਡਾਏ ਜਾਣ ਨਾਲ ਜਲੰਧਰ 'ਚ ਕੋਰੋਨਾ ਦੇ ਵੱਡੇ ਵਿਸਫੋਟ ਦਾ ਸ਼ੱਕ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ।