ਭਟੂਰੇ ਵਾਲੇ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

06/12/2020 2:48:36 PM

ਜਲਾਲਾਬਾਦ (ਸੇਤੀਆ, ਸੁਮਿਤ) : ਫਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਕੋਰੋਨਾ ਟੈਸਟ ਦੇ ਨਮੂਨਿਆਂ ਦੀ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 2 ਹੋਰ ਕੇਸਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੋ ਕੇਸ ਪਾਜ਼ੇਟਿਵ ਆਉਣ ਕਾਰਨ ਮੁੜ ਹੁਣ ਜ਼ਿਲ੍ਹੇ 'ਚ 4 ਤੋਂ 6 ਕੋਰੋਨਾ ਮਾਮਲੇ ਸਰਗਰਮ ਹੋ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦਿੱਤੀ। ਸਿਵਲ ਸਰਜਨ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੀ ਇਕ ਔਰਤ ਦੀ ਉਮਰ ਲਗਭਗ 26 ਸਾਲ ਅਤੇ ਦੂਜੇ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ। ਉਨ੍ਹਾਂ ਦੱਸਿਆ ਕਿ ਔਰਤ 7 ਜੂਨ ਨੂੰ ਗੁੜਗਾਓਂ ਤੋਂ ਆਈ ਸੀ, ਜਿਸ ਦੇ 9 ਜੂਨ ਨੂੰ ਨਮੂਨੇ ਟੈਸਟ ਲਈ ਭੇਜੇ ਗਏ ਸਨ। ਉਕਤ ਔਰਤ ਦੇ ਸੰਪਰਕ 'ਚ ਆਏ 7 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ। ਦੂਜਾ ਪਾਜ਼ੇਟਿਵ ਆਉਣ ਵਾਲਾ ਅਬੋਹਰ ਦੀ ਸੁਭਾਸ਼ ਨਗਰੀ ਦਾ ਰਹਿਣ ਵਾਲਾ ਹੈ । ਦੋਹਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਦਿੱਤਾ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਪਾਜ਼ੇਟਿਵ ਮਰੀਜ਼ਾਂ 'ਚ ਇਕ ਕੋਰੋਨਾ ਪਾਜ਼ੇਟਿਵ ਅਬੋਹਰ ਨਾਲ ਸਬੰਧਤ ਹੈ ਜੋ ਨਹਿਰੂ ਪਾਰਕ ਦੇ ਨਜ਼ਦੀਕ ਛੋਲੇ ਭਟੂਰੇ ਲਗਾਉਂਦਾ ਸੀ ਅਤੇ ਉਸਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਉਸ ਵਿਅਕਤੀ 'ਚ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ ਹਨ ਪਰ ਫਿਰ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਫੋਨ 'ਤੇ ਜਗਬਾਣੀ ਵਲੋਂ 'ਕੋਰੋਨਾ' ਪਾਜ਼ੇਟਿਵ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਸਾਈਕਲ ਰੇਹੜੀ ਰਾਹੀਂ ਨਹਿਰੂ ਪਾਰਕ ਨਜ਼ਦੀਕ ਹਰ ਰੋਜ਼ ਸਵੇਰ ਤੋਂ ਲੈ ਕੇ 2 ਵਜੇ ਤੱਕ ਕੁਲਚੇ ਛੋਲੇ ਲਗਾਉਂਦਾ ਹੈ ਅਤੇ ਉਥੇ ਨਜ਼ਦੀਕ ਹੀ ਪੁਲਸ ਦਾ ਨਾਕਾ ਲੱਗਿਆ ਹੈ। ਪੁਲਸ ਮੁਲਾਜ਼ਮਾਂ ਵਲੋਂ ਉਸ ਨੂੰ  ਮੈਡੀਕਲ ਕਰਵਾਉਣ ਲਈ ਕਿਹਾ ਗਿਆ ਸੀ। ਜਦੋਂ ਉਸ ਨੇ 9 ਜੂਨ ਨੂੰ ਮੈਡੀਕਲ ਕਰਵਾਇਆ ਗਿਆ ਤਾਂ ਹਸਪਤਾਲ ਵਲੋਂ ਉਸਦਾ ਨਮੂਨਾ ਲਿਆ ਗਿਆ ਅਤੇ 11 ਜੂਨ ਨੂੰ ਉਸਨੂੰ ਫੋਨ 'ਤੇ ਜਾਣਕਾਰੀ ਮਿਲੀ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਉਸ ਨੂੰ ਜਲਾਲਾਬਾਦ ਦੇ ਹਸਪਤਾਲ 'ਚ ਭਰਤੀ ਕੀਤਾ ਗਿਆ। ਉਸਨੇ ਦੱਸਿਆ ਕਿ ਨਮੂਨੇ ਦੇਣ ਤੋਂ ਬਾਅਦ ਉਸਨੇ ਲਗਾਤਾਰ 9, 10 ਅਤੇ 11 ਜੂਨ ਨੂੰ ਰੇਹੜੀ ਲਗਾਈ ਹੈ। 

ਸਿਹਤ ਮਹਿਕਮੇ ਅਤੇ ਪੁਲਸ ਮਹਿਕਮੇ ਲਈ ਚੁਣੌਤੀ
ਸਵਾਲ ਇਥੇ ਇਹ ਖੜ੍ਹਾ ਹੁੰਦਾ ਹੈ ਕਿ 9 ਜੂਨ ਤੋਂ ਪਹਿਲਾਂ ਆਖਿਰਕਾਰ ਉਹ ਕਿਸ ਦੇ ਸੰਪਰਕ 'ਚ ਆ ਕੇ ਪਾਜ਼ੇਟਿਵ ਹੋਇਆ ਹੈ। ਹੁਣ ਸਿਹਤ ਵਿਭਾਗ ਅਤੇ ਪੁਲਸ ਮਹਿਕਮੇ ਲਈ ਚੁਣੌਤੀ ਹੋਵੇਗਾ ਕਿ ਆਖਿਰਕਾਰ ਜਿੰਨਾ ਲੋਕਾਂ ਦੇ ਇਹ ਸੰਪਰਕ 'ਚ ਆਇਆ ਉਨ੍ਹਾਂ ਲੋਕਾਂ ਦੀ ਭਾਲ ਕਿਵੇਂ ਕੀਤੀ ਜਾਵੇਗੀ। ਉਧਰ ਦੇਰ ਰਾਤ ਐੱਸ. ਡੀ. ਐੱਮ ਅਬੋਹਰ ਦੇ ਜੇ. ਐੱਸ. ਬਰਾੜ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਮੁਨਿਆਦੀ ਕਰਵਾ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਰੇਹੜੀ ਵਾਲੇ ਦੇ ਸੰਪਰਕ ਵਿੱਚ ਆਏ ਹਨ ਉਹ ਸਿਹਤ ਮਹਿਕਮੇ ਅਤੇ ਪੁਲਸ ਮਹਿਕਮੇ ਨੂੰ ਖੁਦ ਜਾਣਕਾਰੀ ਦੇਣ 'ਤੇ ਕੁਆਰੰਟੀਨ ਹੋ ਕੇ ਆਪਣੇ ਸੈਂਪਲ ਕਰਵਾਉਣ ਤਾਂ ਜੋ ਅੱਗੇ ਦੂਜੇ ਲੋਕਾਂ ਨੂੰ ਬਚਾਇਆ ਜਾ ਸਕੇ। ਸਿਵਿਲ ਸਰਜਨ ਚੰਦਰ ਮੋਹਨ ਕਟਾਰੀਆ ਨਾਲ ਸ਼ੁੱਕਰਵਾਰ ਕਰੀਬ 2 ਵਜੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਵਿਅਕਤੀ ਦੇ ਸੰਪਰਕ 'ਚ ਆਏ 10 ਲੋਕਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਬਾਕੀ ਸਿਹਤ ਮਹਿਕਮੇ ਹੋਰ ਲੋਕਾਂ ਦੀ ਪਛਾਣ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ 'ਚ ਘੁੰਮ ਰਿਹਾ ਹੈ।


Anuradha

Content Editor

Related News