ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੀ SGPC, ਕੋਵਿਡ ਕੇਂਦਰਾਂ ਸਣੇ ਵੱਡੇ ਪੱਧਰ 'ਤੇ ਕੀਤੇ ਇਹ ਕਾਰਜ

Wednesday, May 26, 2021 - 11:00 AM (IST)

ਕੋਰੋਨਾ ਮਰੀਜ਼ਾਂ ਲਈ ਫ਼ਰਿਸ਼ਤਾ ਬਣੀ SGPC, ਕੋਵਿਡ ਕੇਂਦਰਾਂ ਸਣੇ ਵੱਡੇ ਪੱਧਰ 'ਤੇ ਕੀਤੇ ਇਹ ਕਾਰਜ

ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਮਾਨਵਤਾ ਦੀ ਸੇਵਾ ਅਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਡੇ ਉਦਮ ਕੀਤੇ ਜਾ ਰਹੇ ਹਨ। ਜਿਨ੍ਹਾਂ ਅਧੀਨ ਵੱਖ-ਵੱਖ ਥਾਵਾਂ ’ਤੇ ਕੋਰੋਨਾ ਕੇਅਰ ਕੇਂਦਰ ਸਥਾਪਤ ਕੀਤੇ ਗਏ ਹਨ।  ਬੀਬੀ ਜਗੀਰ ਕੌਰ ਇਸ ਭਿਆਨਕ ਦੌਰ ’ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾ ਦਾ ਖੁਦ ਦੌਰਾ ਕਰ ਰਹੀ ਹੈ। ਉਹ ਨਿਗਰਾਨੀ ਕਰ ਰਹੇ ਹਨ ਕਿ ਕਿਤੇ ਵੀ ਲੋਕਾਂ ਦੇ ਇਲਾਜ ’ਚ ਕੋਈ ਘਾਟ ਨਾ ਰਹੇ। ਬੀਬੀ ਜਗੀਰ ਕੌਰ ਇਸ ਭਿਆਨਕ ਦੌਰ ’ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾ ਦਾ ਖੁਦ ਦੌਰਾ ਕਰ ਰਹੀ ਹੈ। ਉਹ ਨਿਗਰਾਨੀ ਕਰ ਰਹੇ ਹਨ ਕਿ ਕਿਤੇ ਵੀ ਲੋਕਾਂ ਦੇ ਇਲਾਜ ’ਚ ਕੋਈ ਘਾਟ ਨਾ ਰਹੇ।

ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਨਵ ਭਲਾਈ ਲਈ ਸਥਾਪਿਤ ਕੀਤੇ ਕੋਵਿਡ ਕੇਅਰ ਕੇਂਦਰ ਮਰੀਜ਼ਾਂ ਲਈ ਧਰਵਾਸ ਬਣੇ ਹੋਏ ਹਨ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੁਧਿਆਣੇ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸਥਾਪਿਤ ਕੀਤੇ ਕੋੋਰੋਨਾ ਵਾਰਡਾਂ ਦਾ ਉਦਘਾਟਨ ਕੀਤਾ ਸੀ, ਜੋ ਕੋਰੋਨਾ ਮਰੀਜ਼ਾਂ ਲਈ ਅਹਿਮ ਸਾਬਤ ਹੋ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਆਕਸੀਜਨ ਦਾ ਪ੍ਰਬੰਧ ਹੋਣ ਦੇ ਨਾਲ ਨਾਲ ਤਜ਼ਰਬੇਕਾਰ ਮੈਡੀਕਲ ਸਟਾਫ਼ ਤਾਇਨਾਤ ਹੈ, ਜੋ ਮਰੀਜ਼ਾਂ ਦੇ ਦੇਖਭਾਲ ਵਿਚ ਲੱਗਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੋਰੋਨਾ ਕਾਰਨ ਮੌਜੂਦਾ ਹਾਲਾਤ ਬਹੁਤ ਹੀ ਸੰਜੀਦਾ ਹਨ ਅਤੇ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੇ ਦੁੱਖ ਨੂੰ ਸਮਝਦਿਆਂ ਵੱਖ-ਵੱਖ ਥਾਵਾਂ ’ਤੇ ਮੈਡੀਕਲ ਵਾਰਡ ਬਣਾਏ ਜਾ ਰਹੇ ਹਨ। 

ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਭੁਲੱਥ ਵਿਖੇ ਸਥਾਪਿਤ ਕੀਤਾ ਕੋਰੋਨਾ ਕੇਅਰ ਕੇਂਦਰ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਭੁਲੱਥ ਦੇ ਰੌਇਲ ਪੈਲੇਸ ਵਿਖੇ ਤਿਆਰ ਕੀਤਾ 25 ਬੈੱਡਾਂ ਦਾ ਵਾਰਡ ਸ਼ੁਰੂ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਆਕਸੀਜਨ ਪਲਾਂਟ ਲਈ ਤਰਲ ਆਕਸੀਜਨ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨਵੇਂ ਤਿਆਰ ਕੀਤੇ ਇਸ ਕੋਰੋਨਾ ਕੇਅਰ ਕੇਂਦਰ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਨਾਲ ਜੋੜਿਆ ਗਿਆ ਹੈ, ਜਿਸ ਦੇ ਡਾਕਟਰ ਤੇ ਨਰਸਿੰਗ ਸਟਾਫ਼ ਇਸ ਕੇਂਦਰ ਵਿੱਚ ਕਾਰਜਸ਼ੀਲ ਰਹਿਣਗੇ। ਇਸ ਕੇਂਦਰ ਵਿੱਚ ਕੋਰੋਨਾ ਮਰੀਜ਼ਾਂ ਦਾ ਮੁੱਢਲਾ ਇਲਾਜ ਬਿਲਕੁਲ ਮੁਫ਼ਤ ਹੋਵੇਗਾ ਤੇ ਐਂਮਰਜੈਂਸੀ ਹਾਲਤ ਵਿੱਚ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਫਿਰੋਜ਼ਪੁਰ ਵਿਖੇ ਕੋਰੋਨਾ ਕੇਅਰ ਕੇਂਦਰ ਸਥਾਪਤ 
ਇਸੇ ਲੜੀ ਅਧੀਨ ਅੱਜ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਜੀਦਪੁਰ (ਫ਼ਿਰੋਜ਼ਪੁਰ) ਦੇ ਨਜ਼ਦੀਕ ਸਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਿਖੇ 25 ਬੈੱਡਾਂ ਦਾ ਚੌਥਾ ਕੋਰੋਨਾ ਕੇਅਰ ਕੇਂਦਰ ਸਥਾਪਤ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਮਾਨਵ ਹਿਤਕਾਰੀ ਕਾਰਜ ਦੱਸਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ। ਮੌਜੂਦਾ ਸਮੇਂ ਕੋਰੋਨਾ ਕਾਰਨ ਲੋਕਾਂ ਨੂੰ ਇਲਾਜ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਧਿਆਨ ’ਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਇਹ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਅੰਦਰ ਮਰੀਜ਼ਾਂ ਨੂੰ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ ਅਤੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕੋਰੋਨਾ ਕੇਅਰ ਕੇਂਦਰ ਸਥਾਪਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਰੀਜ਼ਾਂ ਨੂੰ ਇਲਾਜ ਦੀ ਸੁਵਿਧਾ ਦੇਣ ਲਈ ਇਕ ਕਦਮ ਹੋਣ ਪੁੱਟਦਿਆਂ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਵੀ 25 ਬੈੱਡ ਦਾ ਕੋਵਿਡ ਕੇਅਰ ਕੇਂਦਰ ਸਥਾਪਿਤ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੇ ਬੇਬੇ ਨਾਨਕੀ ਨਿਵਾਸ ਵਿਚ ਬਣਾਏ ਗਏ ਇਸ ਮੈਡੀਕਲ ਕੇਂਦਰ ਵਿਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਅਤੇ ਨਰਸਿੰਗ ਸਟਾਫ਼ ਕੋਰੋਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਇਲਾਜ ਕਰਨਗੇ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਗਏ ਇਸ ਵਾਰਡ ਵਿਚ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਸੰਗਰੂਰ ਵਿਖੇ ਖੋਲ੍ਹਿਆ ਗਿਆ ਇਹ ਪੰਜਵਾਂ ਕੋਵਿਡ ਕੇਅਰ ਕੇਂਦਰ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕੋਰੋਨਾ ਕੇਅਰ ਕੇਂਦਰ ਸਥਾਪਿਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਸਮੇਂ ਲੋਕਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਛੇਵਾਂ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ। 25 ਬੈਡਾਂ ਦੇ ਇਸ ਕੇਂਦਰ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੋਰੋਨਾ ਕੇਅਰ ਕੇਂਦਰ ਵਿੱਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਦਾ ਮੈਡੀਕਲ ਸਟਾਫ 24 ਘੰਟੇ ਹਾਜ਼ਰ ਰਹਿ ਕੇ ਕੋਰੋਨਾ ਮਰੀਜਾਂ ਦਾ ਇਲਾਜ ਕਰੇਗਾ। ਬੁਢਲਾਡਾ ਵਿਖੇ ਕੋਰੋਨਾ ਕੇਅਰ ਕੇਂਦਰ ਦੇ ਉਦਘਾਟਨ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਮਨੁੱਖਤਾ ਦੀ ਸੇਵਾ ਲਈ ਤਿਆਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਣੇ ਹਲਾਤਾਂ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਲਈ ਇਹ ਮੈਡੀਕਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ, ਜਿਸ ਤਹਿਤ ਪਹਿਲਾਂ ਵੱਖ-ਵੱਖ ਜਿਲ੍ਹਿਆਂ ਅੰਦਰ ਪੰਜ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਅੱਜ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਛੇਵਾਂ ਕੋਰੋਨਾ ਕੇਅਰ ਕੇਂਦਰ ਸ਼ੁਰੂ ਕੀਤਾ ਗਿਆ ਹੈ। ਇਥੇ ਦਾਖਲ ਕੋਰੋਨਾ ਮਰੀਜਾਂ ਲਈ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਦਵਾਈਆਂ ਤੇ ਲੰਗਰ ਦੀ ਸਹੂਲਤ ਵੀ ਦਿੱਤੀ ਜਾਵੇਗੀ। 

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਕੇਅਰ ਕੇਂਦਰ ਸਥਾਪਿਤ
ਕੋਰੋਨਾ ਮਹਾਂਮਾਰੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤਹਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸੱਤਵਾਂ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ। ਇਸ ਕੋਰੋਨਾ ਕੇਅਰ ਕੇਂਦਰ ਵਿੱਚ 25 ਬੈਡ ਲਗਾਏ ਗਏ ਅਤੇ ਕੋਰੋਨਾ ਮਰੀਜਾਂ ਲਈ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਇਸ ਕੋਰੋਨਾ ਕੇਅਰ ਕੇਂਦਰ ਵਿੱਚ ਆਈ.ਐਮ ਏ ਰੋਪੜ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਕੇਂਦਰ ਵਿਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਮੈਡੀਕਲ ਸਟਾਫ 24 ਘੰਟੇ ਹਾਜ਼ਰ ਰਹੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਸੱਤ ਕੋਰੋਨਾਂ ਕੇਅਰ ਕੇਂਦਰ ਵੱਖ-ਵੱਖ ਜਿਲ੍ਹਿਆ ਵਿਚ ਸਥਾਪਤ ਕੀਤੇ ਹਨ ਜਿਥੋਂ ਹੁਣ ਤੱਕ ਸੈਂਕੜੇ ਮਰੀਜ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਏਥੇ ਮਰੀਜਾਂ ਨੂੰ ਲੈਵਲ 1 ਤੇ ਲੈਵਲ 2 ਦੀਆਂ ਸੇਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਜਿਹੜੇ ਮਰੀਜ ਸੀਰੀਅਸ ਹੋਣਗੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਤੱਕ ਲੈਜਾਇਆ ਜਾਵੇਗਾ।


author

rajwinder kaur

Content Editor

Related News