ਕੋਰੋਨਾ ਪੀੜਤਾਂ ਦੇ ਸਮਾਨ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Sunday, Jun 21, 2020 - 10:37 AM (IST)
ਚੰਡੀਗੜ੍ਹ (ਵਿਜੇ ਗੌੜ) : ਚੰਡੀਗੜ੍ਹ 'ਚ ਤੇਜ਼ੀ ਨਾਲ ਵੱਧ ਰਹੀ ਕੋਵਿਡ-19 ਵੇਸਟ ਦੀ ਮੁਸੀਬਤ ਨਾਲ ਨਜਿੱਠਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ.ਪੀ.ਸੀ.ਸੀ.) ਨੇ ਜਨਰਲ ਸਾਲਿਡ ਵੇਸਟ ਨੂੰ ਬਾਇਓ ਮੈਡੀਕਲ ਵੇਸਟ ਤੋਂ ਵੱਖ ਕਰਨ ਦੀ ਤਿਆਰੀ ਕਰ ਲਈ ਹੈ। ਹਾਲ ਹੀ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਚੰਡੀਗੜ੍ਹ 'ਚ ਲਾਗੂ ਕੀਤਾ ਜਾਵੇਗਾ। ਇਸ 'ਚ ਜਨਰਲ ਸਾਲਿਡ ਵੇਸਟ ਨੂੰ ਬਾਇਓ ਮੈਡੀਕਲ ਵੇਸਟ ਨਾਲੋਂ ਵੱਖ ਡਿਸਪੋਜ਼ ਕਰਨ ਦੀ ਹਿਦਾਇਤ ਦਿੱਤੀ ਗਈ ਹੈ।
ਨਗਰ ਨਿਗਮ ਦੀ ਲਈ ਜਾਵੇਗੀ ਮਦਦ
ਜਨਰਲ ਸਾਲਿਡ ਵੇਸਟ ਉਹ ਸਾਮਾਨ ਹੁੰਦਾ ਹੈ, ਜਿਸ ਨੂੰ ਇਸਤੇਮਾਲ ਤਾਂ ਪੀੜਤਾਂ ਵੱਲੋਂ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਦੂਸ਼ਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਇਸ 'ਚ ਸਰਿੰਜ ਦਾ ਰੈਪਰ, ਫਲਾਂ ਦੇ ਛਿਲਕੇ, ਜੂਸ ਦੀਆਂ ਖਾਲੀ ਬੋਤਲਾਂ, ਦਵਾਈਆਂ ਦੇ ਬਾਕਸ ਸਮੇਤ ਹੋਰ ਸਾਰੇ ਸਾਮਾਨ ਸ਼ਾਮਲ ਹਨ, ਜੋ ਮਰੀਜ਼ ਦੇ ਸਿੱਧੇ ਸੰਪਰਕ 'ਚ ਨਹੀਂ ਆਉਂਦੇ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਲਿਡ ਵੇਸਟ ਮੈਨਜਮੈਂਟ-2017 ਨਿਯਮਾਂ ਦੇ ਤਹਿਤ ਹੀ ਇਕੱਠਾ ਕੀਤਾ ਜਾਵੇਗਾ। ਇਸ ਕੰਮ ਲਈ ਨਗਰ ਨਿਗਮ ਦੀ ਮਦਦ ਲਈ ਜਾਵੇਗੀ। ਨਿਗਮ ਦੀ ਜ਼ਿੰਮੇਵਾਰੀ ਹੋਵੇਗੀ ਕਿ ਹਸਪਤਾਲਾਂ, ਇਕਾਂਤਵਾਸ ਸੈਂਟਰਾਂ ਅਤੇ ਹੋਮ ਕੇਅਰ ਤੋਂ ਨਿਕਲਣ ਵਾਲੇ ਜਨਰਲ ਸਾਲਿਡ ਵੇਸਟ ਨੂੰ ਇਕੱਠਾ ਕਰਕੇ ਉਸ ਨੂੰ ਡਿਸਪੋਜ਼ ਕਰਨ ਦੇ ਲਈ ਵੇਸਟ ਟੂ ਐਨਰਜੀ ਪਲਾਂਟ ਜਾਂ ਖੱਡਿਆਂ ਦਾ ਸਹਾਰਾ ਲਿਆ ਜਾਵੇਗਾ। ਖੱਡਿਆ ਦੇ ਨੇੜੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਰੋਕ ਲਗਾਉਣੀ ਪਵੇਗੀ।