ਪਟਿਆਲਾ ਜ਼ਿਲੇ 'ਚ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

Monday, Apr 20, 2020 - 11:58 PM (IST)

ਪਟਿਆਲਾ ਜ਼ਿਲੇ 'ਚ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਪਟਿਆਲਾ (ਰਾਜੇਸ਼) : ਪਟਿਆਲਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲੇ ਵਿਚ ਪੰਜ ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਬਕਾਇਦਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਹ ਸਾਰੇ ਨਵੇਂ ਮਾਮਲੇ ਰਾਜਪੁਰਾ ਦੀ ਆਨਾਜ ਮੰਡੀ ਤੋਂ ਹੀ ਸਾਹਮਣੇ ਆਏ ਹਨ, ਇਥੇ ਹੀ ਦੋ ਦਿਨ ਪਹਿਲਾਂ 6 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਹਰਕਤ ਵਿਚ ਆਏ ਸਿਹਤ ਵਿਭਾਗ ਨੇ ਇਥੋਂ 19 ਲੋਕਾਂ ਦੇ ਸੈਂਪਲ ਜਾਂਚ ਲਈ ਲਏ ਸਨ, ਜਿਨ੍ਹਾਂ ਵਿਚੋਂ 5 ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ ਜਦਕਿ 14 ਸੈਂਪਲ ਨੈਗੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਰਾਜਪੁਰਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 31 ਤਕ ਪਹੁੰਚ ਗਈ ਹੈ। 

ਦੇਸ਼ ਦੁਨੀਆ ਵਿਚ ਕੋਰੋਨਾ ਦਾ ਕਹਿਰ 
ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਲਗਭਗ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਵਿਚ ਲੈ ਚੁੱਕਾ ਹੈ। ਸਾਰੇ ਵਿਸ਼ਵ ਵਿਚ ਹੁਣ ਤਕ ਕੋਰੋਨਾ ਦੇ 24,36,811 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 1,67,278 ਮੌਤਾਂ ਪੂਰੀ ਦੁਨੀਆ ਵਿਚ ਹੁਣ ਤਕ ਦਰਜ ਕੀਤੀਆਂ ਗਈਆਂ ਹਨ। ਭਾਰਤ ਵਿਚ ਹੁਣ ਤਕ 18539 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ ਇਸ ਨਾਲ 550 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚੋਂ 250 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ 61, ਨਵਾਂਸ਼ਹਿਰ 'ਚ 19, ਪਠਾਨਕੋਟ ਤੋਂ 24, ਜਲੰਧਰ ਤੋਂ 48, ਹੁਸ਼ਿਆਰਪੁਰ ਤੋਂ 7, ਮਾਨਸਾ 11, ਅੰਮ੍ਰਿਤਸਰ 11, ਲੁਧਿਆਣਾ 16 ਪਾਜ਼ੇਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਪਟਿਆਲਾ 11, ਫਤਹਿਗੜ੍ਹ ਸਾਹਿਬ 2, ਸੰਗਰੂਰ 3, ਬਰਨਾਲਾ 2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ 2,  ਗੁਰਦਾਸਪੁਰ 1,  ਫਿਰੋਜ਼ਪੁਰ 1, ਸ੍ਰੀ ਮੁਕਤਸਰ ਸਾਹਿਬ 1  ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 15 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 29 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।


author

Gurminder Singh

Content Editor

Related News