ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਨਾਲ ਹੋਰ ਮੌਤਾਂ, 3 ਡਾਕਟਰਾਂ ਸਮੇਤ ਵੱਡੀ ਗਿਣਤੀ 'ਚ ਸਾਹਮਣੇ ਆਏ ਮਰੀਜ਼
Sunday, Aug 30, 2020 - 06:12 PM (IST)
ਅਮ੍ਰਿੰਤਸਰ(ਦਲਜੀਤ ਸ਼ਰਮਾ) — ਇਲਾਕੇ 'ਚ ਅੱਜ ਫਿਰ ਕੋਰੋਨਾ ਵਾਇਰਸ ਨੇ ਵੱਡਾ ਧਮਾਕਾ ਕੀਤਾ ਹੈ। ਦੋ ਦਿਨਾਂ ਦੀ ਤਾਲਾਬੰਦੀ ਦੇ ਬਾਵਜੂਦ ਅੱਜ ਐਤਵਾਰ ਨੂੰ ਕੋਰੋਨਾ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ। ਸਰਕਾਰੀ ਡੈਂਟਲ ਕਾਲਜ ਦੇ 3 ਡਾਕਟਰਾਂ ਸਮੇਤ 113 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਰਕਾਰੀ ਡੈਂਟਲ ਕਾਲਜ ਦੇ ਡਾਕਟਰਾਂ ਦੇ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਓਰਲ ਸਰਜਰੀ ਦਾ ਥਿਏਟਰ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਤਿੰਨ ਹੋਰ ਡਾਕਟਰਾਂ ਦੇ ਨਮੂਨੇ ਲੈ ਕੇ ਟੈਸਟ ਕਰਵਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਅਰੁਣ ਸ਼ਰਮਾ ਦੀ ਅੱਜ ਸਵੇਰੇ ਕੋਰੋਨਾ ਲਾਗ ਕਾਰਨ ਮੌਤ ਹੋ ਗਈ। ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ, ਦੰਦਾਂ ਦੀ ਡਾਕਟਰ ਸ਼ਰਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਦੰਦਾਂ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਤੁਰੰਤ ਮੂੰਹ ਦੀ ਸਰਜਰੀ ਕਰਨੀ ਬੰਦ ਕਰ ਦੇਣ ਅਤੇ ਜੇ ਐਮਰਜੈਂਸੀ ਦੀਆਂ ਸੇਵਾਵਾਂ ਹੋਣ ਸਿਰਫ ਉਹ ਹੀ ਲੋਕਾਂ ਨੂੰ ਦਿੱਤੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਹਦਾਇਤਾਂ ਦਿੱਤੀਆਂ ਕਿ ਦੰਦਾਂ ਦੇ ਡਾਕਟਰ ਇਸ ਆਫ਼ਤ ਦੌਰਾਨ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਸ ਲਈ ਉਹਨਾਂ ਨੂੰ ਆਪਣੀ ਦੇਖਭਾਲ ਖ਼ੁਦ ਹੀ ਕਰਨੀ ਚਾਹੀਦੀ ਹੈ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਹੁਣ ਤਕ ਕੁਲ ਪਾਜ਼ੇਟਿਵ 3809 ਆ ਚੁੱਕੇ ਹਨ, ਜਦਕਿ 2986 ਠੀਕ ਵੀ ਹੋ ਚੁੱਕੇ ਹਨ, 669 ਦਾ ਇਲਾਜ ਜਾਰੀ ਹੈ।