ਪੰਜਾਬ ਵਾਸੀਆਂ ਲਈ ਚੰਗੀ ਖਬਰ, 5 ਜ਼ਿਲ੍ਹੇ ਹੋਏ ਕੋਰੋਨਾ ਮੁਕਤ

05/23/2020 8:39:14 PM

ਜਲੰਧਰ, (ਧਵਨ)– ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਭਾਵੇਂ ਪੂਰੇ ਦੇਸ਼ 'ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਘਟਦੇ ਜਾ ਰਹੇ ਹਨ, ਜਿਸ ਨਾਲ ਪ੍ਰਦੇਸ਼ ਨਾਰਮਲ ਹਾਲਾਤ ਵੱਲ ਵੱਧ ਰਿਹਾ ਹੈ। ਪੰਜਾਬ ਦੇ 5 ਜ਼ਿਲੇ ਸੰਗਰੂਰ, ਐੱਸ. ਏ. ਐੱਸ. ਨਗਰ, ਫਿਰੋਜ਼ਪੁਰ, ਬਠਿੰਡਾ ਅਤੇ ਮੋਗਾ ਕੋਰੋਨਾ ਮੁਕਤ ਜ਼ਿਲੇ ਐਲਾਨੇ ਗਏ ਹਨ ਜਿਥੇ ਹੁਣ ਕੋਰੋਨਾ ਦਾ ਇਕ ਵੀ ਐਕਟਿਵ ਕੇਸ ਨਹੀਂ ਦੇਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਹੁਣ ਰਿਕਵਰੀ ਰੇਟ 'ਚ ਹੋਰ ਸੁਧਾਰ ਆਇਆ ਹੈ ਅਤੇ ਰਿਕਵਰੀ ਰੇਟ 90 ਫੀਸਦੀ ਤੋਂ ਉੱਪਰ ਪਹੁੰਚ ਚੁੱਕਾ ਹੈ। ਇਸ ਦਾ ਅਰਥ ਇਹ ਹੈ ਕਿ ਕੋਰੋਨਾ ਤੋਂ ਪੀੜਤ ਰੋਗੀਆਂ ਦੀ ਗਿਣਤੀ ਸਿਰਫ 10 ਫੀਸਦੀ ਹੀ ਰਹਿ ਗਈ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਲਈ ਇਹ ਖਬਰ ਬਹੁਤ ਹੀ ਹਾਂਪੱਖੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਹੁਣ ਸੂਬਾ ਨਾਰਮਲ ਹਾਲਾਤ ਵੱਲ ਵੱਧ ਰਿਹਾ ਹੈ ਪਰ ਇਸ ਦੇ ਨਾਲ ਹੀ ਹਾਲੇ ਕੁਝ ਦਿਨਾਂ ਤੱਕ ਸਰਕਾਰ ਨੂੰ ਕੋਰੋਨਾ ਦੇ ਐਕਟਿਵ ਕੇਸਾਂ 'ਤੇ ਨਜ਼ਰ ਰੱਖਣੀ ਪਵੇਗੀ। ਉਨ੍ਹਾਂ ਕਿਹਾ ਕਿ ਰਿਕਵਰੀ ਰੇਟ 'ਚ ਆਏ ਸੁਧਾਰ ਦੀ ਖਬਰ ਸਾਡੇ ਲਈ ਉਤਸ਼ਾਹਜਨਕ ਹੈ ਅਤੇ ਸਾਨੂੰ ਸਾਰਿਆਂ ਨੂੰ ਹੋਰ ਵੀ ਸਾਵਧਾਨੀ ਵਰਤਣੀ ਹੋਵੇਗੀ ਤਾਂ ਕਿ ਕੋਰੋਨਾ ਤੋਂ ਪੰਜਾਬ ਨੂੰ ਪੂਰੀ ਤਰ੍ਹਾਂ ਮੁਕਤ ਬਣਾਇਆ ਜਾ ਸਕੇ।
ਮੁੱਖ ਮੰਤਰੀ ਵਲੋਂ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਜ਼ਿਲੇ ਮੁਤਾਬਕ ਵੇਰਵਾ ਵੀ ਦਿੱਤਾ ਗਿਆ ਹੈ, ਜਿਸ ਦੇ ਤਹਿਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਤਰਨਤਾਰਨ 'ਚ ਹਾਲੇ ਐਕਟਿਵ ਕੇਸ ਦੇਖੇ ਗਏ ਹਨ ਪਰ ਇਨ੍ਹਾਂ ਚਾਰਾਂ ਜ਼ਿਲਿਆਂ 'ਚ ਵੀ ਵੀ ਰਿਕਵਰੀ ਰੇਟ 'ਚ ਭਾਰੀ ਸੁਧਾਰ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਵਲੋਂ ਮਿਲ ਰਹੇ ਨਿਰਦੇਸ਼ਾਂ ਅਤੇ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਹੀ ਇਨਫੈਕਸ਼ਨ ਤੋਂ ਰਹਿਤ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ ਅਜਿਹੇ ਲੋਕਾਂ ਨੂੰ ਆਪਣੇ ਘਰਾਂ 'ਚ ਹੀ ਬਣੇ ਰਹਿਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 31 ਮਈ ਤੱਕ ਲਾਕਡਾਊਨ ਦੀ ਸਥਿਤੀ ਨੂੰ ਰੱਖਿਆ ਹੋਇਆ ਹੈ ਅਤੇ ਲਗਾਤਾਰ ਰੋਜ਼ਾਨਾ ਕੋਰੋਨਾ ਨਾਲ ਸਬੰਧਤ ਕੇਸਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹੇ 'ਚ ਸੁਧਾਰ ਦਾ ਕ੍ਰਮ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਇਸ ਨਾਲ ਅਖੀਰ ਜਨਤਾ ਨੂੰ ਹੀ ਹੋਰ ਲਾਭ ਮਿਲਣਾ ਤੈਅ ਹੈ।


Bharat Thapa

Content Editor

Related News