ਜਲੰਧਰ 'ਚ ਨਹੀਂ ਰੁਕ ਰਹੀ ਕੋਰੋਨਾ ਮਹਾਮਾਰੀ, ਸਿਹਤ ਕਾਮੇ ਸਣੇ ਦੋ ਹੋਰ ਆਏ ਪਾਜ਼ੇਟਿਵ
Friday, Jun 12, 2020 - 05:21 PM (IST)
ਜਲੰਧਰ (ਰੱਤਾ) : ਕਈ ਦਿਨਾਂ ਤੋਂ ਜ਼ਿਲ੍ਹੇ ਵਿਚ ਜਾਰੀ ਕੋਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਲਮ ਇਹ ਹੈ ਕਿ ਹੁਣ ਸਿਹਤ ਕਾਮੇ ਵੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਐਕਸਰੇਅ ਟੈਕਨੀਸ਼ੀਅਨ ਸਣੇ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿਚ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਰਿਪੋਰਟ ਕੀਤੇ ਹੋਏ ਹਨ। ਜਦਕਿ ਇਕ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 325 'ਤੇ ਪਹੁੰਚ ਗਿਆ ਹੈ, ਜਿਨ੍ਹਾਂ ਵਿਚੋਂ 259 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 11 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 1 ਦੀ ਮੌਤ, 1 ਦੀ ਰਿਪੋਰਟ ਆਈ ਪਾਜ਼ੇਟਿਵ
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2900 ਤੋਂ ਪਾਰ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2900 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 544, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 322, ਲੁਧਿਆਣਾ 'ਚ 313, ਤਰਨਾਰਨ 173, ਮੋਹਾਲੀ 'ਚ 136, ਹੁਸ਼ਿਆਰਪੁਰ 'ਚ 136, ਪਟਿਆਲਾ 'ਚ 152, ਸੰਗਰੂਰ 'ਚ 134 ਕੇਸ, ਨਵਾਂਸ਼ਹਿਰ 'ਚ 124, ਗਰਦਾਸਪੁਰ 'ਚ 167 ਕੇਸ, ਮੁਕਤਸਰ 72, ਮੋਗਾ 'ਚ 67, ਫਰੀਦਕੋਟ 86, ਫਿਰੋਜ਼ਪੁਰ 'ਚ 46, ਫਾਜ਼ਿਲਕਾ 48, ਬਠਿੰਡਾ 'ਚ 55, ਪਠਾਨਕੋਟ 'ਚ 113, ਬਰਨਾਲਾ 'ਚ 28, ਮਾਨਸਾ 'ਚ 34, ਫਤਿਹਗੜ੍ਹ ਸਾਹਿਬ 'ਚ 73, ਕਪੂਰਥਲਾ 41, ਰੋਪੜ 'ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2312 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 561 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 63 ਲੋਕਾਂ ਦੀ ਮੌਤ ਹੋ ਚੁੱਕੀ ਹੈ।'
ਇਹ ਵੀ ਪੜ੍ਹੋ : ਵੱਡੀ ਖਬਰ : ਪਰਮਿੰਦਰ ਢੀਂਡਸਾ ਨੇ ਭਾਜਪਾ 'ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ