ਕੋਰੋਨਾ ਮਹਾਮਾਰੀ ਕਾਰਨ ਪੰਜਾਬ ''ਚ 127 ਨਗਰ ਕੌਂਸਲਾਂ ਦੀਆਂ ਚੋਣਾਂ ਇਸ ਸਾਲ ਅਸੰਭਵ

5/21/2020 4:48:32 PM

ਨਾਭਾ ( ਸੁਸ਼ੀਲ ਜੈਨ)-ਪੰਜਾਬ ਸਰਕਾਰ ਵਲੋਂ 24 ਮਾਰਚ 2020 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਪੰਜਾਬ ਦੇ 9 ਨਗਰ ਨਿਗਮਾਂ ਸਮੇਤ 127 ਨਗਰ ਕੌਂਸਲਾਂ/ਨਗਰ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ। ਇਨ੍ਹਾਂ ਨਗਰ ਨਿਗਮਾਂ 'ਚ ਮੋਗਾ, ਬਟਾਲਾ, ਬਠਿੰਡਾ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ, ਪਠਾਨਕੋਟ, ਐੱਸ. ਏ. ਐੱਸ. ਨਗਰ, ਅਬੋਹਰ ਆਦਿ ਸ਼ਾਮਲ ਹਨ। ਮੋਹਾਲੀ ਨਗਰ ਨਿਗਮ ਸਮੇਤ ਹੋਰ ਕਾਰਪੋਰੇਸ਼ਨਾਂ ਦੀ ਕਮਾਂਡ ਕਮਿਸ਼ਨਰਾਂ, ਜਦਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਪ੍ਰਬੰਧਨ ਸਬੰਧਤ ਐੱਸ. ਡੀ. ਐਮਜ਼ ਪਾਸ ਹੈ।

ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ ਕੌਂਸਲਾਂ ਭੰਗ ਕਰਨ ਸਮੇਂ ਐਲਾਨ ਕੀਤਾ ਸੀ ਕਿ ਸਾਰੀਆਂ ਕੌਂਸਲਾਂ 'ਚ ਪ੍ਰਬੰਧਕ ਨਿਯੁਕਤ ਕਰ ਕੇ ਸਰਕਾਰ ਜੰਗੀ ਪੱਧਰ 'ਤੇ ਵਿਕਾਸ ਕੰਮ ਕਰਵਾਏਗੀ, ਜਿਸ ਕਰ ਕੇ ਚੋਣਾਂ ਕੁੱਝ ਸਮਾਂ ਲਟਕ ਕੇ ਕਰਵਾਈਆਂ ਜਾਣਗੀਆਂ ਕਿਉਂਕਿ ਸਰਕਾਰ ਨੇ ਕੌਂਸਲਾਂ ਦੀ ਵਾਰਡਬੰਦੀ ਵੀ ਨਵੇਂ ਸਿਰਿਓਂ ਨਹੀਂ ਕਰਵਾਈ। ਹੁਣ ਸਥਿਤੀ ਪਲਟ ਗਈ ਕਿਉਂਕਿ ਕੌਂਸਲਾਂ ਭੰਗ ਹੋਣ ਦੇ ਤੁਰੰਤ ਬਾਅਦ ਮਹਾਮਾਰੀ ਫੈਲ ਗਈ ਅਤੇ ਦੇਸ਼ ਭਰ 'ਚ ਲਾਕਡਾਊਨ ਲਾਗੂ ਹੋ ਗਿਆ। ਪੰਜਾਬ ਵਿਚ 23 ਮਾਰਚ ਤੋਂ 17 ਮਈ ਤੱਕ ਕਰਫਿਊ ਲਾਗੁ ਰਿਹਾ। ਹੁਣ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ।

ਮਹਾਮਾਰੀ ਕਾਰਨ ਸਾਰੇ ਵਿਕਾਸ ਕਾਰਜ ਠੱਪ ਪਏ ਹਨ। ਪ੍ਰਧਾਨ ਮੰਤਰੀ ਨੇ ਸਾਰੇ ਐੱਮ. ਪੀਜ਼ ਦੇ ਫੰਡ ਕੋਵਿਡ-19 ਰਾਹਤ ਕੋਸ਼ 'ਚ ਦੇ ਦਿੱਤੇ ਅਤੇ ਰਾਜ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਕਰ ਕੇ ਪੰਜਾਬ ਦੀਆਂ 9 ਨਗਰ ਨਿਗਮਾਂ ਸਮੇਤ ਕੁੱਲ 127 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਸਾਲ 2021 ਤੱਕ ਲਟਕ ਗਈਆਂ ਹਨ। ਵਧੇਰੇ ਨਗਰ ਕੌਂਸਲਾਂ ਮਹਾਮਾਰੀ ਕਾਰਨ ਸਾਲ 2020-21 ਦਾ ਸਾਲਾਨਾ ਬਜਟ ਵੀ ਤਿਆਰ ਨਹੀਂ ਕਰ ਸਕੀਆਂ।ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਜੇਕਰ ਹਾਲਾਤ 3-4 ਮਹੀਨਿਆਂ 'ਚ ਨਾਰਮਲ ਹੋ ਗਏ ਤਾਂ ਨਗਰ ਕੌਂਸਲ ਚੋਣਾਂ ਮਈ/ਜੂਨ 2021 'ਚ ਸੰਭਵ ਹਨ। ਇਕ ਸੀਨੀਅਰ ਮੰਤਰੀ ਨੇ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸ਼ਹਿਰਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕਰਵਾਉਣਾ ਚਾਹੁੰਦੇ ਹਨ। ਇਸ ਸਮੇਂ ਸਭ ਤੋਂ ਵੱਡਾ ਕੰਮ ਕੋਰੋਨਾ ਨੂੰ ਹਰਾਉਣਾ ਹੈ, ਜਦਕਿ ਚੋਣਾਂ ਬਾਅਦ ਦੀ ਗੱਲ ਹੈ। ਸਾਡੀ ਸਰਕਾਰ ਲੋਕਾਂ ਦੀ ਸੁਰੱਖਿਆ ਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ, ਜਿਸ ਲਈ ਸਾਰੇ ਪੰਜਾਬ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna