ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ
Friday, May 15, 2020 - 12:39 PM (IST)
ਗੁਰ ਕ੍ਰਿਪਾਲ ਸਿੰਘ ਅਸ਼ਕ
9878019889
ਕੋਰੋਨਾ ਦੇ ਪ੍ਰਸਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਇਸ ਤੋਂ ਮੀਡੀਆ ਜਗਤ ਵੀ ਨਹੀਂ ਬਚਿਆ। ਇਸ ਦਾ ਸਭ ਤੋਂ ਵੱਡਾ ਅਤੇ ਪ੍ਰਤੱਖ ਪ੍ਰਭਾਵ ਪ੍ਰਿੰਟ ਮੀਡੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਘਟ ਰਹੇ ਵਿਗਿਆਪਨ ਅਤੇ ਵਧ ਰਹੇ ਖਰਚਿਆਂ ਦੇ ਕਾਰਨ ਪ੍ਰਿੰਟ ਮੀਡੀਆ ਪਹਿਲਾਂ ਹੀ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਅਤੇ ਇਕ ਨਾ ਇਕ ਦਿਨ ਇਸ ਵਿਚ ਬਦਲਾਓ ਜ਼ਰੂਰ ਆਉਣਾ ਦੀ ਪਰ ਕੋਰੋਨਾ ਦੌਰ ਆਉਣ ਤੋਂ ਪਹਿਲਾਂ ਖੁਦ ਸਬੰਧਿਤ ਅਦਾਰਿਆਂ ਨੇ ਵੀ ਨਹੀਂ ਸੀ ਸੋਚਿਆ ਕਿ ਤਬਦੀਲੀ ਇਸ ਰਫ਼ਤਾਰ ਨਾਲ ਆਉਣੀ ਸ਼ੁਰੂ ਹੋਵੇਗੀ। ਕਈ ਮੈਗਜ਼ੀਨਾ ਨੇ ਆਪਣੇ ਪ੍ਰਿੰਟ ਰੂਪ ਨੂੰ ਤਿਆਗ ਦਿੱਤਾ ਹੈ। ਕਈਆਂ ਨੇ ਇਸ ਦੌਰ ਦੇ ਪ੍ਰਭਾਵ ਨੂੰ ਦੇਖਣ ਲਈ ਆਪਣੀ ਛਪਾਈ ਮੁਲਤਵੀ ਕੀਤੀ ਹੈ। ਕਈ ਥਾਵਾਂ ਤੋਂ ਇਕੋ ਸਮੇਂ ਸਕਣ ਵਾਲ਼ੇ ਸਮਾਚਾਰ ਪੱਤਰਾਂ ਨੇ ਆਪਣੇ ਕੁਝ ਅਡੀਸ਼ਨ ਬੰਦ ਕਰ ਦਿੱਤੇ ਹਨ। ਕਈਆਂ ਨੇ ਆਪਣੇ ਪੰਨੇ ਘਟਾ ਦਿੱਤੇ ਹਨ। ਨਿਰਸ਼ੰਦੇਹ ਲੋਕਾਂ ਵਿਚ ਫੈਲੇ ਭਰਮ ਕਾਰਨ ਕਈ ਸਮਾਚਾਰ ਪੱਤਰਾਂ ਦੀ ਪ੍ਰਸਾਰ ਸੰਖਿਆ ਵੀ ਘਟੀ ਹੋਵੇਗੀ ਪਰ ਇਸ ਨੂੰ ਮੰਨਣ ਲਈ ਸ਼ਾਇਦ ਹੀ ਕੋਈ ਤਿਆਰ ਹੋਵੇ।
ਆਉਣ ਵਾਲੇ ਦਿਨਾਂ ਵਿਚ ਸਮਾਚਾਰ ਪੱਤਰਾਂ ਦੇ ਆਨ-ਲਾਇਨ ਐਡੀਸ਼ਨਜ਼ ’ਤੇ ਬਹੁਤਾ ਫੋਕਸ ਹੋਵੇਗਾ ਪਰ ਇਸ ਦਾ ਇਹ ਭਾਵ ਨਹੀਂ ਹੈ ਕਿ ਇਹ ਸਮਾਚਾਰ ਪੱਤਰ ਛਪਣੇ ਬੰਦ ਹੋ ਜਾਣਗੇ। ਕਿਤਾਬਾਂ ਦੀ ਆਨ-ਲਾਇਨ ਉਪਲਭਤਾ ਨੇ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਨੂੰ ਤੁਹਾਡੀ ਜੇਬ ਵਿਚ ਲੈ ਆਉਂਦਾ ਹੈ ਪਰ ਇਸ ਨਾਲ ਕਿਤਾਬਾਂ ਛਪਣੀਆਂ ਬੰਦ ਨਹੀਂ ਹੋਈਆਂ। ਕਿਸੇ ਕਿਤਾਬ ਜਾਂ ਅਖਬਾਰ ਦੇ ਪੰਨਿਆਂ ਨੂੰ ਹੱਥ ਫੜਨ ਵਿਚ, ਜੋ ਆਨੰਦ ਹੈ ਉਹ ਆਨ-ਲਾਇਨ ਮੀਡੀਆ ਤੋਂ ਨਹੀਂ ਮਿਲ ਸਕਦਾ। ਕਾਗ਼ਜ਼ ਤੇ ਸਿਆਹੀ ਦੀ ਖੁਸ਼ਬੂ ਨਾਂ ਹੀ ਕੰਪਿਊਟਰ ਦੀ ਸਕਰੀਨ ਤੋਂ ਲੱਭਦੀ ਹੈ ਅਤੇ ਨਾ ਹੀ ਹੱਥ ਵਿਚ ਫੜੇ ਮੋਬਾਈਲ ਤੋਂ। ਵੈਸੇ ਵੀ ਕੰਪਿਊਟਰ ਦੀ ਸਕਰੀਨ ’ਤੇ ਕੁਝ ਵੀ ਪੜ੍ਹਨ ਦੀ ਰਫ਼ਤਾਰ ਕਾਗਜ਼ ’ਤੇ ਛਪੇ ਅੱਖਰਾਂ ਨਾਲੋਂ 30 ਫੀਸਦੀ ਘੱਟ ਹੁੰਦੀ ਹੈ। ਚਮਕਦੀ ਸਕਰੀਨ ਦੇ ਪ੍ਰਭਾਵਾਂ ਕਾਰਨ ਲੋਕ ਬਹੁਤ ਲੰਮਾ ਸਮਾਂ ਇਸ ’ਤੇ ਪੜ੍ਹਨ ਨੂੰ ਪਹਿਲ ਨਹੀਂ ਦਿੰਦੇ।
ਵਡੇਰੀ ਉਮਰ ਦੇ ਲੋਕਾਂ ਦੀ ਪਹਿਲੀ ਪਸੰਦ ਤਾਂ ਕਾਗ਼ਜ਼ ’ਤੇ ਛਪੇ ਹੋਏ ਅੱਖਰ ਹੀ ਰਹਿਣਗੇ। ਇਸ ਹਕੀਕਤ ਨੂੰ ਵੀ ਕੋਈ ਨਹੀਂ ਨਕਾਰ ਸਕਦਾ ਕਿ ਕੋਈ ਵੀ ਮੀਡੀਆ ਦੂਜੇ ਮੀਡੀਆ ਨੂੰ ਨਹੀਂ ਖਾ ਸਕਦਾ ਅਤੇ ਨਾ ਹੀ ਉਸ ਦੀ ਥਾਂ
ਲੈ ਸਕਦਾ ਹੈ ਬਲਕਿ ਆਖੀਰ ਉਸ ਉਸਦਾ ਸਹਿਯੋਗੀ ਹੀ ਹੋ ਨਿਬੜਦਾ ਹੈ। ਆਨ-ਲਾਇਨ ਮੀਡੀਆ ਪ੍ਰਿੰਟ ਮੀਡੀਆ ਲਈ ਵਿਗਿਆਪਨਾਂ ਦੀ ਆਮਦ ਲਈ ਸਹਿਯੋਗੀ ਹੀ ਹੋਵੇਗਾ। ਦੂਜੀ ਗੱਲ, ਸਮਾਚਾਰ ਪੱਤਰਾਂ ਦੇ ਆਨ-ਲਾਇਨ ਐਡੀਸ਼ਨ ਵੀ ਬਹੁਤੀ ਦੇਰ ਮੁਫ਼ਤ ਪੜ੍ਹਨ ਨੂੰ ਨਹੀਂ ਮਿਲਣਗੇ। ਦੁਨੀਆਂ ਦੇ ਵੱਡੇ-ਵੱਡੇ ਅਖਬਾਰ ਇਸ ਸੇਵਾ ਦੇ ਲਾਭ ਬਦਲੇ ਮਾਸਿਕ ਅਤੇ ਸਲਾਨਾ ਫੀਸ ਲੈਣ ਲੱਗ ਪਏ ਹਨ।
ਆਉਣ ਵਾਲੇ ਦਿਨਾਂ ਵਿਚ ਸਮਾਚਾਰ ਪੱਤਰਾਂ ਅੰਦਰ ਵੱਡੀਆਂ ਤਬਦੀਲੀਆਂ ਸੰਪਾਦਕੀ ਡੈਸਕ ’ਤੇ ਦੇਖਣ ਨੂੰ ਮਿਲ ਸਕਦੀਆਂ ਹਨ। ਸਮਾਚਾਰ ਸੰਪਾਦਕਾਂ ਅਤੇ ਉੱਪ ਸੰਪਾਦਕਾਂ ਦਾ ਡੈਸਕ ਉਨ੍ਹਾਂ ਦੇ ਘਰ ਪਿਆ ਕੰਪਿਊਟਰ ਹੋ ਸਕਦਾ ਹੈ। ਇੱਥੋਂ ਤੱਕ ਕਿ ਮੇਕਅੱਪ ਐਡੀਟਰ ਵੀ ਆਪਣੇ ਸਮਾਚਾਰ ਪੱਤਰ ਦੇ ਪੰਨਿਆਂ ਦਾ ਅੰਤਿਮ ਰੂਪ ਘਰ ਹੀ ਬੈਠੇ ਤਿਆਰ ਕਰ ਸਕਣਗੇ। ਫਿਰ ਕੰਮ ਸਿਰਫ ਪ੍ਰਿੰਟਿੰਗ ਪ੍ਰੈਸ ਦਾ ਹੀ ਰਹਿ ਜਾਵੇਗਾ। ਇਸ ਦਾ ਤਜ਼ਰਬਾ ਸਮਾਚਾਰ ਪੱਤਰਾਂ ਨੇ ਸ਼ੁਰੂ ਕਰ ਦਿੱਤਾ ਹੈ। ਭਾਵੇਂ ਇਸ ਨਾਲ ਨਿਊਜ਼ ਰੂਮ ਦੇ ਖਰਚੇ ਕਾਫੀ ਘਟ ਜਾਣਗੇ ਅਤੇ ਆਵਾਜਾਈ ਵਿਚ ਲੋਕਾਂ ਦਾ ਸਮਾਂ ਅਤੇ ਸਫ਼ਰ ਦਾ ਖਰਚ ਵੀ ਪਰ ਇਸ ਦਾ ਇੱਕ ਵਡਾ ਨੁਕਸਾਨ ਟੀਮ ਵਰਕ ਦੀ ਘਾਟ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ।
ਇਸ ਵੇਲੇ ਟੈਲੀਵਿਜ਼ਨ ਕੰਪਨੀਆਂ ਜਾਂ ਟੈਲੀਵਿਜ਼ਨ ਕੰਪਨੀਆਂ ਦੇ ਮਾਲਕ ਇਸ ਗਲੋਂ ਵਧੇਰੇ ਖੁਸ਼ ਹੋ ਸਕਦੇ ਹਨ, ਉਨ੍ਹਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਇਹ ਖੁਸ਼ੀ ਵਕਤੀ ਹੋ ਸਕਦੀ ਹੈ, ਕਿਉਂਕਿ ਇਸ ਸਮੇਂ ਲੋਕ ਲਾਕਡਾਊਨ ਕਾਰਨ ਘਰਾਂ ਵਿਚ ਬੈਠੇ ਹਨ ਅਤੇ ਉਨ੍ਹਾਂ ਕੋਲ ਸਮਾਂ ਬਿਤਾਉਣ ਲਈ ਵੱਡਾ ਸਾਧਨ ਟੈਲੀਵਿਜਨ ਹੀ ਹਨ ਪਰ ਇਹ ਸਥਿਤੀ ਹਮੇਸ਼ਾ ਨਹੀਂ ਬਣੀ ਰਹਿ ਸਕਦੀ। ਲੋਕਾਂ ਦੇ ਹੱਥਾਂ ਵਿਚ ਫੜੇ 24 ਘੰਟੇ ਚਾਲੂ ਰਹਿਣ ਵਾਲੇ ਮੋਬਾਈਲ ਫੋਨਾਂ ’ਤੇ ਸਮਾਚਾਰਾਂ ਦੀ ਉਪਲਬਧਤਾ ਨੇ, ਘਰ ਸੋਫੇ ਉੱਤੇ ਬੈਠ ਕੇ ਨਿਊਜ਼ ਬੁਲਿਟਨਾ ਤੇ ਨਿਰਭਰਤਾ ਨੂੰ ਘਟਾਇਆ ਹੈ। ਮੌਜੂਦਾ ਪਕੜ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੋਵੇਗਾ ਕਿ ਖਰਚ ਘਟਾਏ ਜਾਣ। ਇੱਥੇ ਉਹੀ ਦਿਨੋ ਦਿਨ ਸ਼ਕਤੀਸ਼ਾਲੀ ਹੋ ਰਹੇ ਮੋਬਾਈਲ ਫੋਨ ਕੰਮ ਆਉਣਗੇ। ਮੋਬਾਈਲ ਜਰਨਲਿਜ਼ਮ ਹੋਰ ਉਤਸ਼ਾਹਿਤ ਹੋਵੇਗੀ। ਇਸ ਦਾ ਪ੍ਰਭਾਵ ਤਾਂ ਪੱਤਰਕਾਰੀ ਪੜ੍ਹਾਉਣ ਵਾਲੇ ਅਦਾਰਿਆਂ ’ਤੇ ਵੀ ਪੈਣ ਵਾਲਾ ਹੈ।
ਜਿਥੋਂ ਤੱਕ ਮਨੋਰੰਜਨ ਟੀ.ਵੀ ਦਾ ਸਵਾਲ ਹੈ, ਉਥੇ ਆਨ-ਲਾਇਨ ਮਨੋਰੰਜਨ ਉਪਲਬਧ ਕਰਵਾਉਣ ਵਰਗੀਆਂ ਕੰਪਨੀਆਂ ਨੇ ਮਨੋਰਜੰਨ ਪਰੋਸਣ ਵਾਲੇ ਟੈਲੀਵੀਜ਼ਨਾਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰਨਾ ਹੈ। ਇਨ੍ਹਾਂ ਦੀ ਪਕੜ ਤਾਂ ਹੀ ਬਣੀ ਰਹੇਗੀ ਜੇਕਰ ਉਹ ਵਧੇਰੇ ਅਤੇ ਵਿਲੱਖਣ ਪ੍ਰੋਗਰਾਮ ਪ੍ਰੋਸਣਗੇ। ਅਜਿਹਾ ਹੋਣ ’ਤੇ ਕਲਾਕਾਰਾਂ ਅਤੇ ਪ੍ਰੋਡਕਸ਼ਨ ਲਾਇਨ ਨਾਲ ਜੁੜੇ ਲੋਕਾਂ ਨੂੰ ਕੰਮ ਦੇ ਵਧੇਰੇ ਮੌਕੇ ਉਪਲਬਧ ਹੋਣਗੇ।
ਮੀਡੀਆ ਜਗਤ ਵਿਚ ਹੋਣ ਵਾਲੀਆਂ ਤਬਦੀਲੀਆਂ ਵਿਚ ਇੰਟਰਨੈੱਟ ਇਕ ਵੱਡੀ ਤਾਕਤ ਬਣੀ ਰਹੇਗੀ ਪਰ ਜਿਸ ਤਰ੍ਹਾਂ ਨਾਲ ਇਸ ’ਤੇ ਆਨੇ ਬਹਾਨੇ ਕਬਜ਼ਾ ਕੀਤੇ ਜਾਣ ਦੇ ਯਤਨ ਹੋ ਰਹੇ ਹਨ, ਉਸ ਤੋਂ ਵੀ ਚੌਕਸ ਹੋ ਕੇ ਰਹਿਣਾ ਪਵੇਗਾ। ਭਾਰਤ ਨੇ ਨੈਟ ਨਿਊਟਰੇਲਟੀ ਦੇ ਸਿਧਾਂਤ ਹੇਠ ਅਜੇ ਇਸ ਸੰਕਟ ਨੂੰ ਖਤਮ ਕਰ ਦਿੱਤਾ ਹੈ ਪਰ ਡਰ ਇਹ ਹੈ ਕਿ ਕੱਲ ਨੂੰ ਇਹ ਕਿਸੇ ਹੋਰ ਰੂਪ ਵਿਚ ਜਨਮ ਨਾ ਲੈ ਜਾਵੇ। ਦੁਨੀਆਂ ਦੇ ਵੱਖ-ਵੱਖ ਸੂਚਨਾ ਮਾਧਿਅਮਾਂ ਨੂੰ ਇਕ ਮੰਚ ’ਤੇ ਲਿਆ ਕੇ ਪ੍ਰਸਤੁਤ ਕਰਨ ਵਾਲੇ ਇਸ ਮਾਧਿਅਮ ਤੋਂ ਅੱਗੇ ਕੀ ਹੋ ਸਕਦਾ ਹੈ, ਇਹ ਸਵਾਲ ਸਾਡੇ ਸਭ ਦੇ ਅੱਗੇ ਹੈ।