ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਵੱਡਾ ਬਲਾਸਟ, 510 ਰੋਗੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 5 ਦੀ ਮੌਤ

Thursday, Mar 18, 2021 - 03:59 PM (IST)

ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਵੱਡਾ ਬਲਾਸਟ, 510 ਰੋਗੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 5 ਦੀ ਮੌਤ

ਜਲੰਧਰ (ਰੱਤਾ) : ਕੋਰੋਨਾ ਇਕ ਵਾਰ ਫਿਰ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਅੱਜਕਲ ਜਿਸ ਰਫਤਾਰ ਨਾਲ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸੇ ਰਫਤਾਰ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਤੇਜ਼ ਹੋ ਰਿਹਾ ਹੈ। ਅੱਜ ਵੀਰਵਾਰ ਨੂੰ ਵੀ ਜਲੰਧਰ ਜ਼ਿਲ੍ਹੇ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਬਲਾਸਟ ਹੋਇਆ ਹੈ। ਅੱਜ ਕੋਰੋਨਾ ਨੇ 5 ਹੋਰ ਮਰੀਜ਼ਾਂ ਦੀ ਜਾਨ ਲੈ ਲਈ ਹੈ, ਉਥੇ ਹੀ 510 ਲੋਕਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਮਹਿਕਮੇ ਅਨੁਸਾਰ ਅੱਜ ਆਏ ਪਾਜ਼ੇਟਿਵ ਰੋਗੀਆਂ ’ਚ ਗੋਰਾਇਆ, ਫਿਲੌਰ ਆਦਿ ਕਈ ਖੇਤਰਾਂ ਤੋਂ ਲੋਕਾਂ ਦੀ ਕੋਰੋਨਾ ਰਿਪੋਰਚ ਪਾਜ਼ੇਟਿਵ ਆਈ ਹੈ।

ਸਾਵਧਾਨ : ਹੋ ਸਕਦੈ ਤੁਹਾਡੇ ਆਸ-ਪਾਸ ਘੁੰਮ ਰਹੇ ਹੋਣ ਕੋਰੋਨਾ ਪਾਜ਼ੇਟਿਵ

1704 ਐਕਟਿਵ ਕੇਸਾਂ ’ਚੋਂ ਸਿਰਫ 244 ਮਰੀਜ਼ ਹਨ ਹਸਪਤਾਲਾਂ ’ਚ ਇਲਾਜ ਅਧੀਨ
ਸਿਹਤ ਮਹਿਕਮੇ ਵੱਲੋਂ ਬੁੱਧਵਾਰ ਨੂੰ ਜੋ ਜਾਣਕਾਰੀ ਪ੍ਰੈੱਸ ਨੂੰ ਦਿੱਤੀ ਗਈ, ਉਸ ਮੁਤਾਬਕ ਜ਼ਿਲੇ੍ਹ ’ਚ ਇਸ ਸਮੇਂ ਕੋਰੋਨਾ ਦੇ ਕੁਲ 1704 ਐਕਟਿਵ ਕੇਸ ਹਨ। ਇਨਾਂ ’ਚੋਂ ਸਿਰਫ਼ 244 ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਹਨ। ਬਾਕੀ ਮਰੀਜ਼ਾਂ ’ਚੋਂ 1012 ਆਪਣੇ ਘਰਾਂ ਵਿਚ ਆਈਸੋਲੇਟ ਹਨ ਅਤੇ 280 ਮਰੀਜ਼ਾਂ ਨਾਲ ਸਿਹਤ ਮਹਿਕਮੇ ਨੇ ਹਾਲੇ ਸੰਪਰਕ ਕਰਨਾ ਹੈ ਅਤੇ 168 ਪਾਜ਼ੇਟਿਵ ਮਰੀਜ਼ ਟਰੇਸ ਨਹੀਂ ਹੋ ਰਹੇ। ਉਕਤ ਅੰਕੜਿਆਂ ਨੂੰ ਦੇਖ ਕੇ ਹਰ ਕੋਈ ਇਸ ਗੱਲ ਦਾ ਅੰਦਾਜ਼ਾ ਆਸਾਨੀ ਨਾਲ ਲਗਾ ਸਕਦਾ ਹੈ ਕਿ ਜੋ ਪਾਜ਼ੇਟਿਵ ਮਰੀਜ਼ ਟਰੇਸ ਨਹੀਂ ਹੋ ਰਹੇ, ਉਹ ਆਮ ਲੋਕਾਂ ਦਰਮਿਆਨ ਘੁੰਮ ਰਹੇ ਹਨ। ਇਥੇ ਹੀ ਬਸ ਨਹੀਂ, ਜੋ ਮਰੀਜ਼ ਘਰਾਂ ’ਚ ਆਈਸੋਲੇਟ ਹਨ, ਉਨ੍ਹਾਂ ’ਤੇ ਵੀ ਸਿਹਤ ਮਹਿਕਮੇ ਦੀ ਕੋਈ ਨਿਗਰਾਨੀ ਨਾ ਹੋਣ ਕਾਰਣ ਉਨ੍ਹਾਂ ’ਚੋਂ ਕਈ ਲੋੜ ਸਮੇਂ ਘਰ ਤੋਂ ਬਾਹਰ ਜ਼ਰੂਰ ਨਿਕਲਦੇ ਹੋਣਗੇ। ਇਸ ਲਈ ਹਰ ਕਿਸੇ ਨੂੰ ਸਾਵਧਾਨ ਹੋਣਾ ਇਸ ਲਈ ਜ਼ਰੂਰੀ ਹੈ ਕਿ ਨਾ ਜਾਣੇ ਕਦੋਂ ਤੁਸੀਂ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆ ਜਾਓ।

ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੇ ਕੋਰੋਨਾ ਵਿਰੁੱਧ ਜੰਗ ਲਈ ਕੇਂਦਰ ਤੋਂ ਮੰਗੇ 200 ਕਰੋੜ ਰੁਪਏ

3729 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 156 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 3729 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 156 ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4342 ਹੋਰ ਲੋਕਾਂ ਦੇ ਸੈਂਪਲ ਲਏ।

ਕੁਲ ਸੈਂਪਲ - 687353
ਨੈਗੇਟਿਵ ਆਏ - 634220
ਪਾਜ਼ੇਟਿਵ ਆਏ - 24484
ਡਿਸਚਾਰਜ ਹੋਏ ਮਰੀਜ਼ - 21995
ਮੌਤਾਂ ਹੋਈਆਂ - 785
ਐਕਟਿਵ ਕੇਸ - 1704

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਬੁੱਧਵਾਰ ਨੂੰ 7 ਲੋਕਾਂ ਦੀ ਮੌਤ, 302 ਨਵੇਂ ਕੇਸ ਮਿਲੇ

ਕੋਰੋਨਾ ਵੈਕਸੀਨੇਸ਼ਨ : 1108 ਸੀਨੀਅਰ ਨਾਗਰਿਕਾਂ ਸਮੇਤ 2014 ਨੇ ਲੁਆਇਆ ਟੀਕਾ
ਜ਼ਿਲ੍ਹਾ ਟੀਕਾਕਰਣ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮਹਾਮੁਹਿੰਮ ਅਧੀਨ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਜਿਨ੍ਹਾਂ 2014 ਲੋਕਾਂ ਨੇ ਟੀਕਾ ਲੁਆਇਆ। ਇਨ੍ਹਾਂ ’ਚੋਂ 1108 ਸੀਨੀਅਰ ਨਾਗਰਿਕ, 211 ਹੈਲਥ ਕੇਅਰ ਵਰਕਰਜ਼, 418 ਫਰੰਟਲਾਈਨ ਵਰਕਰ ਅਤੇ 45 ਤੋਂ 59 ਸਾਲ ਦੀ ਉਮਰ ਦੇ 277 ਉਹ ਲੋਕ ਹਨ, ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਬੀਮਾਰੀ ਹੈ।

ਨੋਟ : ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦੇ ਵੱਧ ਰਹੇ ਕੇਸਾਂ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Anuradha

Content Editor

Related News