ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਕੂਲਾਂ ਵਿਚ ਰੋਜ਼ਾਨਾ 10,000 ਟੈਸਟ ਕਰਨ ਦੇ ਹੁਕਮ
Wednesday, Aug 11, 2021 - 06:38 PM (IST)
ਚੰਡੀਗੜ੍ਹ : ਸੂਬੇ ਵਿਚ ਕੋਵਿਡ ਮਹਾਮਾਰੀ ਨੂੰ ਕਾਬੂ ’ਚ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ਗਿਣਤੀ ਵਧਾਉਣ ਅਤੇ ਸਕੂਲਾਂ ਵਿਚ ਰੋਜ਼ਾਨਾ 10,000 ਆਰ. ਟੀ-ਪੀ. ਸੀ. ਆਰ. ਟੈਸਟ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਹੀ ਸਕੂਲ ਆਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 40,000 ਨਮੂਨੇ ਲੈਣ ਦੇ ਟੀਚੇ ਨੂੰ ਲਾਜ਼ਮੀ ਤੌਰ ’ਤੇ ਪੂਰਾ ਕੀਤਾ ਜਾਵੇ ਅਤੇ ਜੇ ਕੋਵਿਡ ਦੇ ਮਾਮਲੇ ਵੱਧਦੇ ਹਨ ਤਾਂ ਟੈਸਟਿੰਗ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ। ਸਿਹਤ, ਮੈਡੀਕਲ ਸਿੱਖਿਆ ਅਤੇ ਸਕੂਲ ਸਿੱਖਿਆ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸੂਬੇ ਵਿਚ ਕੋਵਿਡ ਦੇ ਹਾਲਾਤ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਗੁਆਂਢੀ ਸੂਬਿਆਂ, ਜਿੱਥੇ ਮਹਾਮਾਰੀ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ, ਤੋਂ ਪੰਜਾਬ ਵਿਚ ਲੋਕਾਂ ਦੀ ਆਵਾਜਾਈ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਪਾਜ਼ੇਟੇਵਿਟੀ ਦਰ ’ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ
ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਨੂੰ ਵੱਡੇ ਪੱਧਰ ’ਤੇ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਰੇ ਜ਼ਿਲ੍ਹਿਆਂ ਵਿਚ ਐਪੀਡੀਮੌਲੋਜਿਸਟ ਨਿਯੁਕਤ ਕੀਤੇ ਗਏ ਹਨ ਅਤੇ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਕੈਮਬ੍ਰਿਜ ਯੂਨੀਵਰਸਿਟੀ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਿਆਂ ਬੀਬੀ ਮਹਾਜਨ ਨੇ ਕਿਹਾ ਕਿ ਲਗਾਏ ਗਏ ਅੰਦਾਜ਼ੇ ਮੁਤਾਬਕ ਨਵੇਂ ਕੇਸਾਂ ਦੀ ਗਿਣਤੀ ਲਗਭਗ 64 ਦਿਨਾਂ ਵਿਚ ਦੁੱਗਣੀ ਹੋ ਸਕਦੀ ਹੈ (ਇਸ ਧਾਰਨਾ ਦੇ ਅਧੀਨ ਕਿ ਵਾਧੇ ਦੀ ਦਰ ਸਥਿਰ ਰਹੇਗੀ)। ਉਨ੍ਹਾਂ ਇਸ ਤੱਥ ’ਤੇ ਤਸੱਲੀ ਜ਼ਾਹਿਰ ਕੀਤੀ ਕਿ ਪਿਛਲੇ ਹਫ਼ਤੇ 3 ਤੋਂ 9 ਅਗਸਤ ਤੱਕ 2,45,823 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 352 ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟੇਵਿਟੀ ਦਰ 0.1 ਫੀਸਦ ਰਹੀ ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਕਾਂਡ : ਬਦਲੇ ਦੇ ਐਲਾਨ ਤੋਂ ਬਾਅਦ ਐਕਸ਼ਨ ’ਚ ਸਾਈਬਰ ਸੈੱਲ
ਸੂਬੇ ਵਿਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਨੂੰ ਦੂਜੀ ਲਹਿਰ ਦੇ ਸਿਖ਼ਰ ਦੌਰਾਨ ਰਹੀ ਮੰਗ ਦੇ ਮੁਕਾਬਲੇ ਬੈੱਡਾਂ ਦੀ ਸਮਰੱਥਾ 25 ਫ਼ੀਸਦੀ ਵਧਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਮੁੱਖ ਸਕੱਤਰ ਨੂੰ ਦੱਸਿਆ ਕਿ ਇਸ ਵੇਲੇ ਸਰਕਾਰੀ ਹਸਪਤਾਲਾਂ ਵਿਚ 4307 ਐਲ-2 ਬੈੱਡ ਮੌਜੂਦ ਹਨ, ਜੋ 25 ਫ਼ੀਸਦੀ ਵਾਧੇ ਨਾਲ 5387 ਹੋ ਜਾਣਗੇ ਜਦੋਂਕਿ ਪ੍ਰਾਈਵੇਟ ਹਸਪਤਾਲਾਂ ਵਿਚ 6565 ਐੱਲ-2 ਬੈੱਡ ਉਪਲੱਬਧ ਹਨ ਅਤੇ 25 ਫ਼ੀਸਦੀ ਵਾਧੇ ਨਾਲ 1644 ਬੈੱਡ ਹੋਰ ਸ਼ਾਮਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ
ਉਨ੍ਹਾਂ ਦੱਸਿਆ ਕਿ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਘਰ ਜਾਣਗੀਆਂ ਅਤੇ ਕੋਵਾ ਐਪ ’ਤੇ ਉਨ੍ਹਾਂ ਦੀ ਸਿਹਤ ਬਾਰੇ ਰਿਪੋਰਟ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ਕੋਵਾ ਪੋਰਟਲ ’ਤੇ ਲੌਗਇਨ ਕਰਨਗੇ ਅਤੇ ਉਥੇ ਦਾਖਲ ਮਰੀਜ਼ਾਂ ਦੀ ਸਥਿਤੀ ਨੂੰ ਅਪਡੇਟ ਕਰਨਗੇ। ਹਸਪਤਾਲਾਂ ਨੂੰ ਰੋਜ਼ਾਨਾ ਅਧਾਰ ’ਤੇ ਆਪਣੀਆਂ ਸੰਸਥਾਵਾਂ ਵਿਚ ਐਲ-2 ਅਤੇ ਐਲ-3 ਬੈੱਡਾਂ ਦੀ ਵੰਡ ਅਤੇ ਸਥਿਤੀ ਦੀ ਰਿਪੋਰਟ ਦੇਣੀ ਹੋਵੇਗੀ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਆਕਸੀਜਨ ’ਤੇ ਰੱਖੇ ਗਏ, ਆਕਸੀਜਨ ’ਤੇ ਨਹੀਂ ਰੱਖੇ ਗਏ ਕੋਵਿਡ ਮਰੀਜ਼ਾਂ ਅਤੇ ਆਕਸੀਜਨ ’ਤੇ ਰੱਖੇ ਗਏ, ਆਕਸੀਜਨ ’ਤੇ ਨਹੀਂ ਰੱਖੇ ਗਏ ਸ਼ੱਕੀ ਕੋਵਿਡ ਮਰੀਜ਼ਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਡਾਟਾ ਪ੍ਰਬੰਧਨ ਵਿਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਜੇ ਸੈਂਪਲਿੰਗ ਸਮੇਂ ਡਾਟਾ ਇਕੱਤਰ ਨਹੀਂ ਕੀਤਾ ਗਿਆ ਜਾਂ ਡਾਟੇ ਨੂੰ ਬਾਅਦ ਵਿਚ ਅਪਡੇਟ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਜ਼ਿਲ੍ਹਾ ਡਾਟਾ ਸੈੱਲ ਜਾਂ ਆਰ. ਆਰ. ਟੀਜ਼. ਉਸ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮੋਗਾ ’ਚ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਥਾਣੇ ਦੀ ਕੰਧ ਪਾੜ ਕੇ ਚਾਰ ਮੁਲਜ਼ਮ ਫਰਾਰ
ਨੋਟ - ਸਕੂਲਾਂ ਵਿਚ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੀ ਫਿਰ ਸਕੂਲ ਬੰਦ ਕਰਨੇ ਚਾਹੀਦੇ ਹਨ?