ਮਾਨਸਾ ਜ਼ਿਲ੍ਹੇ ''ਚ 5 ਹੋਰ ਆਏ ਕੋਰੋਨਾ ਪਾਜ਼ੇਟਿਵ, 6 ਮਰੀਜ਼ ਹੋਏ ਤੰਦਰੁਸਤ

Wednesday, Oct 21, 2020 - 05:18 PM (IST)

ਮਾਨਸਾ ਜ਼ਿਲ੍ਹੇ ''ਚ 5 ਹੋਰ ਆਏ ਕੋਰੋਨਾ ਪਾਜ਼ੇਟਿਵ, 6 ਮਰੀਜ਼ ਹੋਏ ਤੰਦਰੁਸਤ

ਮਾਨਸਾ (ਸੰਦੀਪ ਮਿੱਤਲ) : ਪੰਜਾਬ ਵਿਚ ਅਨੇਕਾਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਤਹਿਤ ਮਾਨਸਾ ਜ਼ਿਲੇ ਵਿਚ ਪਿਛਲੇ 24 ਘੰਟਿਆਂ ਵਿਚ ਜਿੱਥੇ 5 ਮਰੀਜ਼ ਨਵੇਂ ਸਾਹਮਣੇ ਆਏ ਹਨ, ਉਥੇ ਹੀ ਅੱਜ ਠੀਕ ਹੋਣ ਤੇ 6 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਜਦਕਿ ਅੱਜ ਕੋਰੋਨਾ ਸਬੰਧੀ 388 ਲੋਕਾਂ ਦੇ ਨਮੂਨੇ ਵੀ ਲਏ ਗਏ ਹਨ। ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜਾਂਚ ਰਿਪੋਰਟ ਪਾਜ਼ੇਟਿਵ ਆ ਜਾਣ 'ਤੇ ਬਿਨਾਂ ਲੱਛਣ ਵਾਲੇ ਵਿਅਕਤੀ ਮੈਡੀਕਲ ਫਿਟਨੈੱਸ ਜਾਂਚ ਉਪਰੰਤ ਸਿੱਧੇ ਘਰ ਵਿਚ ਹੀ ਇਕਾਂਤਵਾਸ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਘਰੋਂ ਜਾਣ ਸਮੇਂ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢਕ ਕੇ ਰੱਖਿਆ ਜਾਵੇ, ਭੀੜ ਵਾਲੀ ਜਗ੍ਹਾ 'ਤੇ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਇਨ੍ਹਾਂ ਜ਼ਰੂਰੀ ਸਾਵਧਾਨੀਆਂ ਵਰਤਣ ਦੇ ਨਾਲ-ਨਾਲ 10 ਸਾਲ ਤੋਂ ਛੋਟੀ ਉਮਰ ਦੇ ਬੱਚੇ, 65 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗ, ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਘਰ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ।

ਕੋਵਿਡ-19 ਸਬੰਧੀ ਕੀਤਾ ਜਾਗਰੂਕ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਕੋਵਿਡ-19 ਸਬੰਧੀ ਜਾਗਰੂਕ ਕਰਨ ਲਈ ਲੋਕ ਸਾਂਝੇਦਾਰੀ ਕਮਿਊਨਟੀ ਓਨਰਸ਼ਿਪ ਮੁਹਿੰਮ ਤਹਿਤ ਡਾ. ਨਵਜੋਤਪਾਲ ਸਿੰਘ ਭੁੱਲਰ ਐੱਸ.ਐੱਮ.ਓ. ਖਿਆਲਾ ਕਲਾਂ ਦੀ ਰਹਿਨੁਮਾਈ ਵਿਚ ਅੱਜ ਸਬ ਸੈਂਟਰ ਨੰਗਲ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਸਾਨੂੰ ਮਾਸਕ ਪਹਿਨਣਾ, ਸਮਾਜਿਕ ਦੂਰੀ, ਹੱਥ ਧੋਣਾ ਆਦਿ ਕੋਵਿਡ-19 ਤੋਂ ਬਚਾਅ ਦੇ ਤਰੀਕੇ ਅਪਣਾਉਣ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਦੀ ਸ਼ਨਾਖਤ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਟੈਸਟ ਕਰਵਾਉਣੇ ਚਾਹੀਦੇ ਹਨ।
 


author

Gurminder Singh

Content Editor

Related News