ਕੋਰੋਨਾ ਦਾ ਖੌਫ : ਪੁਲਸ ਕਮਿਸ਼ਨਰ ਦਫ਼ਤਰ ’ਚ ਅਧਿਕਾਰੀਆਂ ਨੇ ਲੋਕਾਂ ਕੋਲੋਂ ਸ਼ਿਕਾਇਤਾਂ ਲੈਣੀਆਂ ਕੀਤੀਆਂ ਬੰਦ

Tuesday, Apr 20, 2021 - 04:08 PM (IST)

ਜਲੰਧਰ (ਸੁਧੀਰ)–ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਵੀ ਖੌਫ ਵਿਚ ਨਜ਼ਰ ਆਉਣ ਲੱਗੇ ਹਨ, ਜਿਸ ਕਾਰਨ ਸ਼ਿਕਾਇਤ ਦੇਣ ਵਾਲਾ ਕੋਈ ਵੀ ਵਿਅਕਤੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਨੂੰ ਸ਼ਿਕਾਇਤ ਦੇਣ ਨਹੀਂ ਜਾ ਸਕੇਗਾ। ਉਸ ਨੂੰ ਕਮਿਸ਼ਨਰ ਦਫਤਰ ਦੇ ਬਾਹਰ ਬੈਠੇ ਇਕ ਕਰਮਚਾਰੀ ਨੂੰ ਮਿਲ ਕੇ ਆਪਣੀ ਸ਼ਿਕਾਇਤ ਬਾਹਰ ਪਈ ਸ਼ਿਕਾਇਤ ਪੇਟੀ ਵਿਚ ਪਾਉਣੀ ਪਵੇਗੀ। ਜ਼ਰੂਰਤ ਪੈਣ ’ਤੇ ਜਾਂਚ ਅਧਿਕਾਰੀ ਵੱਲੋਂ ਸੰਪਰਕ ਕਰਨ ’ਤੇ ਸ਼ਿਕਾਇਤਕਰਤਾ ਨੂੰ ਇਕੱਲੇ ਹੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਨਾਲ ਸੰਪਰਕ ਕਰਨਾ ਹੋਵੇਗਾ। ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੋਵਿਡ ਤੋਂ ਬਚਾਅ ਲਈ ਕਮਿਸ਼ਨਰ ਦਫ਼ਤਰ ਵਿਚ ਸ਼ਿਕਾਇਤ ਦੇਣ ਆਉਣ ਵਾਲੇ ਲੋਕਾਂ ਲਈ ਨਿਯਮਾਂ ਵਿਚ ਕੁਝ ਬਦਲਾਅ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

PunjabKesari

ਕਮਿਸ਼ਨਰ ਦਫ਼ਤਰ ਵਿਚ ਲੋਕਾਂ ਲਈ ਇਕ ਐਂਟਰੀ ਗੇਟ ਹੀ ਗੇਟ ਖੋਲ੍ਹਿਆ ਗਿਆ ਹੈ, ਜਿੱਥੇ ਕਮਿਸ਼ਨਰ ਦਫ਼ਤਰ ਵਿਚ ਮੁਲਾਜ਼ਮਾਂ ਨੂੰ ਵਿਸ਼ੇਸ਼ ਰੂਪ ਨਾਲ ਕੁਰਸੀ-ਮੇਜ਼ ’ਤੇ ਤਾਇਨਾਤ ਕੀਤਾ ਗਿਆ ਹੈ। ਸ਼ਿਕਾਇਤ ਦੇਣ ਆਉਣ ਵਾਲੇ ਹਰੇਕ ਵਿਅਕਤੀ ਦਾ ਨਾਂ ਅਤੇ ਫ਼ੋਨ ਨੰਬਰ ਰਜਿਸਟਰ ਵਿਚ ਨੋਟ ਕਰਨ ਤੋਂ ਬਾਅਦ ਸ਼ਿਕਾਇਤ ਨੂੰ ਪੇਟੀ ਵਿਚ ਪਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਰੋਜ਼ਾਨਾ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਮੁਲਾਜ਼ਮਾਂ ਵੱਲੋਂ ਇਕੱਠੀਆਂ ਕਰ ਕੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਕੋਲੋਂ ਮਾਰਕ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਮੋਬਾਇਲ ਫੋਨ ਜਾਂ ਐੱਸ. ਐੱਮ. ਐੱਸ. ਜ਼ਰੀਏ ਸੂਚਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ

ਅਧਿਕਾਰੀ ਵੱਲੋਂ ਜਾਂਚ ਦੌਰਾਨ ਲੋੜ ਪੈਣ ’ਤੇ ਸ਼ਿਕਾਇਤਕਰਤਾ ਨੂੰ ਬੁਲਾਉਣ ’ਤੇ ਦਫਤਰ ਵਿਚ ਉਸਨੂੰ ਇਕੱਲੇ ਹੀ ਆਉਣ ਦੀ ਇਜਾਜ਼ਤ ਹੈ, ਜਦੋਂਕਿ ਪੈਂਡਿੰਗ ਮਾਮਲਿਆਂ ਵਿਚ ਜੇਕਰ ਕੋਈ ਵਿਅਕਤੀ ਕਿਸੇ ਅਧਿਕਾਰੀ ਨੂੰ ਮਿਲਣ ਆ ਰਿਹਾ ਹੈ ਤਾਂ ਪਹਿਲਾਂ ਬਾਹਰ ਬੈਠੇ ਕਰਮਚਾਰੀ ਵੱਲੋਂ ਇੰਟਰਕਾਮ ’ਤੇ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ।

ਅਧਿਕਾਰੀਆਂ ਅਤੇ ਲੋਕਾਂ ਦੀ ਸੁਰੱਖਿਆ ਲਈ ਚੁੱਕੇ ਕਦਮ : ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਲੋਕਾਂ, ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਬਾਹਰ ਹੀ ਸ਼ਿਕਾਇਤ ਲੈਣ ਵਾਲੇ ਕਰਮਚਾਰੀਆਂ ਨੂੰ ਕੋਵਿਡ-19 ਦੇ ਪ੍ਰੋਟੋਕਾਲਜ਼ ਦੀ ਪਾਲਣਾ ਕਰਦਿਆਂ ਵਿਸ਼ੇਸ਼ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਰਜਿਸਟਰ ਵਿਚ ਦਰਜ ਕਰਨ ਦੇ ਨਾਲ-ਨਾਲ ਕਰਮਚਾਰੀ ਉਕਤ ਸ਼ਿਕਾਇਤਾਂ ਨੂੰ ਅਧਿਕਾਰੀਆਂ ਕੋਲੋਂ ਮਾਰਕ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਸੂਚਿਤ ਵੀ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਇਧਰ-ਉਧਰ ਭਟਕਣਾ ਨਾ ਪਵੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News