ਕੋਰੋਨਾ ਨੇ ਥਾਣਾ ਕਪੂਰਥਲਾ ਸਿੱਟੀ ''ਚ ਤਾਇਨਾਤ ASI ਦੀ ਲਈ ਜਾਨ

Friday, Aug 14, 2020 - 10:00 PM (IST)

ਕਪੂਰਥਲਾ,(ਮਹਾਜਨ) : ਕੋਰੋਨਾ ਮਹਾਮਾਰੀ ਨੇ ਆਪਣੇ ਖੌਫਨਾਕ ਦੌਰ ਨੂੰ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇਕ ਹੋਰ ਕੋਰੋਨਾ ਯੋਧਾ ਦੀ ਜਾਨ ਲੈ ਲਈ, ਜਿਸ ਨਾਲ ਜ਼ਿਲੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 20 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ 25 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਰੋਜ਼ਾਨਾ ਪਾਜ਼ੇਟਿਵ ਆਉਣ ਵਲੇ ਮਰੀਜ਼ਾਂ 'ਚ ਹੁਣ ਪੁਲਸ 'ਚ ਤਾਇਨਾਤ ਕਰਮਚਾਰੀ ਵੀ ਸ਼ਾਮਲ ਹੁੰਦੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਪੁਲਸ ਵਿਭਾਗ 'ਚ ਵੀ ਦਹਿਸ਼ਤ ਵੱਧ ਗਈ ਹੈ।

ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਜ਼ਿਲੇ 'ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਕਰੀਬ ਇਕ ਹਫਤੇ 'ਚ ਹੀ ਜਿਥੇ ਕਰੀਬ 150 ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਉਥੇ ਹੀ ਮੌਤਾਂ ਦਾ ਅੰਕੜਾ ਵੀ ਦੁੱਗਣਾ ਹੋ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਇਨਫੈਕਸ਼ਨ ਦਾ ਤੇਜ਼ੀ ਨਾਲ ਜ਼ਿਲ੍ਹੇ 'ਚ ਵੱਧਣ ਦਾ ਮੁੱਖ ਕਾਰਨ ਜਿੱਥੇ ਲੋਕਾਂ ਦੀ ਅਣਦੇਖੀ ਹੈ, ਉੱਥੇ ਪ੍ਰਸ਼ਾਸਨਿਕ ਤੇ ਸਿਹਤ ਅਧਿਕਾਰੀਆਂ ਵੱਲੋਂ ਵੀ ਇਸ ਪ੍ਰਤੀ ਸਖਤੀ ਨਾ ਕੀਤਾ ਜਾਣਾ ਵੀ ਕੋਰੋਨਾ ਨੂੰ ਵਧਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਜ਼ੇਟਿਵ ਆਏ ਮਾਮਲਿਆਂ 'ਚ ਕਪੂਰਥਲਾ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ 'ਚ ਵੀ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ ਕਪੂਰਥਲਾ ਤੋਂ 14, ਬੇਗੋਵਾਲ ਤੋਂ 6, ਫਗਵਾੜਾ ਤੋਂ 4 ਤੇ ਸੁਲਤਾਨਪੁਰ ਲੋਧੀ ਨਾਲ ਸਬੰਧਤ 1 ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ। ਕਪੂਰਥਲਾ 'ਚ ਆਏ ਪਾਜ਼ੇਟਿਵ ਮਰੀਜ਼ਾਂ 'ਚ 20 ਸਾਲਾ ਲੜਕਾ ਪਿੰਡ ਮਾਧੋਪੁਰ ਨੇੜੇ ਕਾਲਾ ਸੰਘਿਆਂ, 56 ਸਾਲਾ ਵਿਅਕਤੀ ਪੁਰਾਣਾ ਹਸਪਤਾਲ ਕਪੂਰਥਲਾ, 49 ਸਾਲਾ ਵਿਅਕਤੀ ਰਾਏਪੁਰ ਅਰਾਈਆਂ ਕਪੂਰਥਲਾ, 50 ਸਾਲਾ ਵਿਅਕਤੀ ਥਾਣਾ ਸਿਟੀ ਕਪੂਰਥਲਾ, 50 ਸਾਲਾ ਵਿਅਕਤੀ ਰੋਜ਼ ਐਵੇਨਿਊ ਕਪੂਰਥਲਾ, 42 ਸਾਲਾ ਔਰਤ ਅਜੀਤ ਨਗਰ ਕਪੂਰਥਲਾ, 50 ਸਾਲਾ ਵਿਅਕਤੀ ਭੁਲਾਣਾ ਕਪੂਰਥਲਾ, 22 ਸਾਲਾ ਵਿਅਕਤੀ ਮੁਹੱਲਾ ਸ਼ੇਰਗੜ੍ਹ ਕਪੂਰਥਲਾ, 45 ਸਾਲਾ ਵਿਅਕਤੀ ਮੁਹੱਲਾ ਸ਼ੇਰਗੜ੍ਹ ਕਪੂਰਥਲਾ, 7 ਸਾਲਾ ਲੜਕਾ ਕੁਸ਼ਟ ਆਸ਼ਰਮ ਕਪੂਰਥਲਾ, 36 ਸਾਲਾ ਵਿਅਕਤੀ-ਮਹਿਲਾ ਖਿਦੜੀਆ ਸੁਲਤਾਨਪੁਰ ਲੋਧੀ, 32 ਸਾਲਾ ਵਿਅਕਤੀ ਸ਼ਿਕਾਰਪੁਰ ਟਿੱਬਾ, 56 ਸਾਲਾ ਪੁਰਸ਼ ਪ੍ਰੀਤ ਨਗਰ ਕਪੂਰਥਲਾ, 50 ਸਾਲਾ ਔਰਤ ਪ੍ਰੀਤ ਨਗਰ ਕਪੂਰਥਲਾ, 32 ਸਾਲਾ ਵਿਅਕਤੀ ਧਾਲੀਵਾਲ ਬੇਟ ਫੱਤੂਢੀਂਗਾ ਸ਼ਾਮਲ ਹਨ। ਇਸ ਤੋਂ ਇਲਾਵਾ ਬੀਤੇ ਦਿਨ ਪਾਜ਼ੇਟਿਵ ਪਾਏ ਗਏ ਥਾਣਾ ਸਿਟੀ ਕਪੂਰਥਲਾ 'ਚ ਤਾਇਨਾਤ ਏ. ਐੱਸ. ਆਈ. ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਸਨ, ਦੀ ਸ਼ੁਕਰਵਾਰ ਨੂੰ ਮੌਤ ਹੋ ਗਈ।

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁਕਰਵਾਰ ਨੂੰ 451 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ 'ਚ ਕਪੂਰਥਲਾ ਤੋਂ 139, ਫਗਵਾੜਾ ਤੋਂ 107, ਪਾਂਛਟਾ ਤੋਂ 68, ਟਿੱਬਾ ਤੋਂ 10, ਬੇਗੋਵਾਲ ਤੋਂ 22, ਭੁਲੱਥ ਤੋਂ 20, ਕਾਲਾ ਸੰਘਿਆਂ ਤੋਂ 56 ਤੇ ਸੁਲਤਾਨਪੁਰ ਲੋਧੀ ਤੋਂ 29 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸੈਂਪਲਿੰਗ ਦਾ ਦੌਰ ਲਗਾਤਾਰ ਜਾਰੀ ਹੈ।
 


Deepak Kumar

Content Editor

Related News