ਹੁਸ਼ਿਆਰਪੁਰ ਜ਼ਿਲ੍ਹੇ ’ਚ 2 ਬੀਬੀਆਂ ਸਮੇਤ 5 ਨੇ ਤੋੜਿਆ ਦਮ, 218 ਨਵੇਂ ਪਾਜ਼ੇਟਿਵ ਕੇਸ
Saturday, Apr 24, 2021 - 06:23 PM (IST)
ਹੁਸ਼ਿਆਰਪੁਰ (ਘੁੰਮਣ) : ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ 5 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਨ੍ਹਾਂ ਵਿਚ 2 ਬੀਬੀਆਂ ਅਤੇ 3 ਵਿਅਕਤੀ ਸ਼ਾਮਲ ਹਨ। ਬਲਾਕ ਹਾਰਟਾ ਬਡਲਾ ਨਿਵਾਸੀ 66 ਸਾਲਾ ਵਿਅਕਤੀ ਅਤੇ ਪਿੰਡ ਨਡਾਲੋਂ ਨਿਵਾਸੀ 65 ਸਾਲਾ ਬੀਬੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਵਿਕਰਮ ਇਨਕਲੇਵ ਹੁਸ਼ਿਆਰਪੁਰ ਦੇ ਨਿਵਾਸੀ 60 ਸਾਲਾ ਵਿਅਕਤੀ ਦੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ, ਪਿੰਡ ਖਡਿਆਲਾ ਨਿਵਾਸੀ 55 ਸਾਲਾ ਬੀਬੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਅਤੇ ਹਾਜੀਪੁਰ ਨਿਵਾਸੀ 61 ਸਾਲਾ ਵਿਅਕਤੀ ਦੀ ਪਠਾਨਕੋਟ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 691 ਹੋ ਗਈ ਹੈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈ 2484 ਸੈਂਪਲਾਂ ਦੀ ਰਿਪੋਰਟ ਵਿਚ 209 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 18 ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਅਤੇ 191 ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ 9 ਮਰੀਜ਼ ਬਾਹਰਲੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਜਿਸ ਦੇ ਨਾਲ ਨਵੇਂ ਮਰੀਜ਼ਾਂ ਦੀ ਕੁੱਲ ਗਿਣਤੀ 218 ਅਤੇ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 18988 ਹੋ ਗਈ ਹੈ। ਜ਼ਿਲ੍ਹੇ ਵਿਚ 16535 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1762 ਹੈ। ਉਨ੍ਹਾਂ ਦੱਸਿਆ ਕਿ ਅੱਜ 2525 ਵਿਅਕਤੀਆਂ ਦੇ ਨਵੇਂ ਸੈਂਪਲ ਲਈ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਲਏ ਗਏ 435958 ਵਿਅਕਤੀਆਂ ਦੇ ਸੈਂਪਲਾਂ ਵਿਚੋਂ 416824 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3206 ਸੈਂਪਲੋਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਦੀ ਅਪੀਲ ਕੀਤੀ।